ਕਰੱਸ਼ਰ ਐਸੋਸੀਏਸ਼ਨ ਨੂੰ ਪ੍ਰਸ਼ਾਸਨ ਦੀ ਸਖ਼ਤ ਚਿਤਾਵਨੀ, ਨਾਜਾਇਜ਼ ਮਾਈਨਿੰਗ ਦਾ ਮਾਲ ਖ਼ਰੀਦਣ ’ਤੇ ਹੋਵੇਗੀ ਕਾਰਵਾਈ
ਕਰੱਸ਼ਰ ਐਸੋਸੀਏਸ਼ਨ ਨੂੰ ਪ੍ਰਸ਼ਾਸਨ ਦੀ ਸਖ਼ਤ ਚਿਤਾਵਨੀ, ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਮਾਲ ਖ਼ਰੀਦਣ 'ਤੇ ਹੋਵੇਗੀ ਕਾਰਵਾਈ
Publish Date: Mon, 11 May 2026 06:06 PM (IST)
Updated Date: Mon, 11 May 2026 06:12 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪਿੰਡ ਕਾਕਰਾਲੀ ਵਿਖੇ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਨ ਨੇ ਮੁਬਾਰਕਪੁਰ ਕਰੱਸ਼ਰ ਐਸੋਸੀਏਸ਼ਨ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ (ਜਲ ਨਿਕਾਸ ਤੇ ਮਾਈਨਿੰਗ ਉਪ ਮੰਡਲ, ਡੇਰਾਬੱਸੀ) ਵੱਲੋਂ ਐਸੋਸੀਏਸ਼ਨ ਨੂੰ ਲਿਖਤੀ ਰੂਪ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ। ਡੇਰਾਬੱਸੀ ਦੇ ਪਿੰਡ ਕਾਕਰਾਲੀ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਘੱਗਰ ਦਰਿਆ ਵਿਚ ਨਾਜਾਇਜ਼ ਤੌਰ ’ਤੇ ਮਾਈਨਿੰਗ ਕੀਤੀ ਜਾਂਦੀ ਹੈ। ਜਿਨ੍ਹਾਂ ਵਿਰੁੱਧ ਮਾਈਨਿੰਗ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਬਣਦੀ ਕਾਰਵਾਈ (ਐੱਫ਼ਆਈਆਰ ਚਾਲਾਨ ਆਦਿ) ਵੀ ਕੀਤੇ ਜਾ ਰਹੇ ਹਨ, ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਨਾਜਾਇਜ਼ ਮਾਈਨਿੰਗ ਰਾਹੀਂ ਕੱਢੇ ਗਏ ਮਾਲ (ਰੇਤ/ਬਜਰੀ/ਪੱਥਰ) ਮੁਬਾਰਕਪੁਰ ਕਰੱਸ਼ਰ ਐਸੋਸੀਏਸ਼ਨ ਅਧੀਨ ਆਉਂਦੇ ਵੱਖ-ਵੱਖ ਕਰੱਸ਼ਰਾਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਖ਼ਰੀਦਿਆ ਅਤੇ ਵਰਤਿਆ ਜਾ ਰਿਹਾ ਹੈ। ਜਿਸ ਦਾ ਉੱਚ ਅਧਿਕਾਰੀਆਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ਵਿਚ ਕਿਸੇ ਵੀ ਕਰੱਸ਼ਰ ਵੱਲੋਂ ਅਜਿਹਾ ਨਾਜਾਇਜ਼ ਮਾਲ ਖ਼ਰੀਦਿਆ ਜਾਂ ਵਰਤਿਆ ਗਿਆ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੱਸ਼ਰਾਂ ਦੇ ਲਾਇਸੈਂਸ ਮੁਅੱਤਲ ਕਰਨ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਸਿਫ਼ਾਰਸ਼ ਕਰ ਦਿੱਤੀ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸਬੰਧਿਤ ਕਰੱਸ਼ਰ ਮਾਲਕ ਦੀ ਹੋਵੇਗੀ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪਿੰਡ ਕਾਕਰਾਲੀ ਵਿਚ ਚੱਲ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਤੋਂ ਪ੍ਰਾਪਤ ਕੀਤੇ ਗਏ ਮਾਲ (ਰੇਤ/ਬਜਰੀ) ਦੀ ਖ਼ਰੀਦ ਜਾਂ ਵਰਤੋਂ ਕਰਨਾ ਕਾਨੂੰਨੀ ਅਪਰਾਧ ਹੈ। ਐਸੋਸੀਏਸ਼ਨ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਨਾਲ ਜੁੜੇ ਸਮੂਹ ਕਰੱਸ਼ਰ ਮਾਲਕਾਂ ਨੂੰ ਸੁਚੇਤ ਕਰਨ ਕਿ ਅਜਿਹਾ ਕੋਈ ਵੀ ਮਾਲ ਨਾ ਖ਼ਰੀਦਿਆ ਜਾਵੇ, ਜਿਸ ਦੇ ਦਸਤਾਵੇਜ਼ ਕਾਨੂੰਨੀ ਨਾ ਹੋਣ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਕਰੱਸ਼ਰ ਮਾਲਕ ਨਾਜਾਇਜ਼ ਮਾਈਨਿੰਗ ਦਾ ਮਾਲ ਵਰਤਦਾ ਪਾਇਆ ਗਿਆ, ਤਾਂ ਉਸ ਵਿਰੁੱਧ ਮਾਈਨਿੰਗ ਐਕਟ ਤਹਿਤ ਭਾਰੀ ਜੁਰਮਾਨਾ ਅਤੇ ਕਰੱਸ਼ਰ ਸੀਲ ਕਰਨ ਵਰਗੀ ਕਾਰਵਾਈ ਕੀਤੀ ਜਾ ਸਕਦੀ ਹੈ। ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ, ਡੇਰਾਬੱਸੀ ਨੇ ਦੱਸਿਆ ਕਿ ਪ੍ਰਸ਼ਾਸਨ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਵਚਨਬੱਧ ਹੈ। ਕਿਸੇ ਵੀ ਕਰੱਸ਼ਰ ਯੂਨਿਟ ਨੂੰ ਗ਼ੈਰ-ਕਾਨੂੰਨੀ ਸਰੋਤਾਂ ਤੋਂ ਮਾਲ ਸਪਲਾਈ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕਾਰਵਾਈ ਨਾਲ ਇਲਾਕੇ ਦੇ ਮਾਈਨਿੰਗ ਮਾਫ਼ੀਆ ਅਤੇ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਵਿਚ ਹੜਕੰਪ ਮਚ ਗਿਆ ਹੈ। ਵਿਭਾਗ ਵੱਲੋਂ ਹੁਣ ਆਉਣ ਵਾਲੇ ਦਿਨਾਂ ਵਿਚ ਕਰੱਸ਼ਰਾਂ ਦੀ ਅਚਾਨਕ ਚੈਕਿੰਗ ਕੀਤੇ ਜਾਣ ਦੀ ਵੀ ਸੰਭਾਵਨਾ ਹੈ।