- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੱਸਿਆ ਕਿ ਪਾਰਟੀ ਦੇ ਚਾਰ ਸਾਲ ਮੁਕੰਮਲ ਹੋਣ ’ਤੇ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਇਕ ਕਿਤਾਬ ਛਾਪੀ ਜਾਵੇਗੀ। ਇਹ ਕਿਤਾਬ ਹੇਠਲੇ ਪੱਧਰ ’ਤੇ ਹਰ ਇਕ ਵਿਅਕਤੀ ਤੱਕ ਪੁੱਜਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰੇਕ ਵਿੰਗ ਨੂੰ ਸਰਗਰਮ ਕੀਤਾ ਜਾਵੇ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਆਮ ਆਦਮੀ ਪਾਰਟੀ ਨੇ ਮੋਗਾ ਰੈਲੀ ਤੋਂ ਬਾਅਦ ਹੁਣ ਜਨ ਸਭਾਵਾਂ ਕਰਨ ਅਤੇ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਦਾ ਕਿਤਾਬਚਾ ਛਪਾਉਣ ਅਤੇ ਹਰੇਕ ਨਾਗਰਿਕ ਤੱਕ ਇਹ ਕਿਤਾਬ ਪਹੁੰਚਾਉਣ ਦਾ ਫੈਸਲਾ ਕੀਤਾ ਹੈ।
ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਸਮਾਪਤ ਹੋਣ ਬਾਅਦ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆਂ, ਸਤਿੰਦਰ ਜੈਨ ਨੇ ਵਿਧਾਨ ਸਭਾ ਵਿਚ ਮੰਤਰੀਆਂ, ਵਿਧਾਇਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਕਰੀਬ ਡੇਢ ਘੰਟੇ ਤੱਕ ਚੱਲੀ ਇਸ ਮੀਟਿੰਗ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਹੋਰ ਮੰਤਰੀ ਹਾਜ਼ਰ ਸਨ, ਪਰ ਮੁੱਖ ਮੰਤਰੀ ਮੀਟਿੰਗ ਵਿਚ ਹਾਜ਼ਰ ਨਹੀਂ ਸਨ।
ਦੱਸਿਆ ਜਾਂਦਾ ਹੈ ਕਿ ‘ਆਪ’ ਆਗੂ ਮੁਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੇ ਵਿਧਾਇਕਾਂ ਨੂੰ ਪਾਰਟੀ ਦੇ ਸਾਰੇ ਵਿੰਗਾਂ ਨੂੰ ਜਥੇਬੰਦਕ ਤੌਰ ’ਤੇ ਹੋਰ ਮਜ਼ਬੂਤ ਤੇ ਸਰਗਰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਦਸ ਲੱਖ ਰੁਪਏ ਤੱਕ ਦੇ ਸਿਹਤ ਬੀਮਾ ਕਾਰਡ ਬਣਾਕੇ ਵੱਧ ਤੋਂ ਵੱਧ ਵੰਡੇ ਜਾਣ ਅਤੇ ਔਰਤਾਂ ਨੂੰ ਇਹ ਦੱਸਣਾ ਵੀ ਯਕੀਨੀ ਬਣਾਇਆ ਜਾਵੇ ਕਿ ਸੂਬਾ ਸਰਕਾਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੀ ਸਹਾਇਤਾ ਵੀ ਦੇਣ ਜਾ ਰਹੀ ਹੈ। ਨੌਜਵਾਨਾਂ ਨੂੰ ਨਾਲ ਜੋੜਨ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਯੂਥ ਕਲੱਬ ਬਣਾਉਣ, ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ (ਕਿੱਟ) ਅਤੇ ਜਿੰਮ ਦਾ ਸਾਮਾਨ ਦੇਣ ਲਈ ਕਿਹਾ ਗਿਆ।
ਉਨ੍ਹਾਂ ਦੱਸਿਆ ਕਿ ਪਾਰਟੀ ਦੇ ਚਾਰ ਸਾਲ ਮੁਕੰਮਲ ਹੋਣ ’ਤੇ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਇਕ ਕਿਤਾਬ ਛਾਪੀ ਜਾਵੇਗੀ। ਇਹ ਕਿਤਾਬ ਹੇਠਲੇ ਪੱਧਰ ’ਤੇ ਹਰ ਇਕ ਵਿਅਕਤੀ ਤੱਕ ਪੁੱਜਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰੇਕ ਵਿੰਗ ਨੂੰ ਸਰਗਰਮ ਕੀਤਾ ਜਾਵੇ। ਹਰੇਕ ਵਿੰਗ ਦਾ ਆਗੂ, ਅਹੁਦੇਦਾਰ ਤੇ ਵਰਕਰ ,ਜਿਸ ਵਰਗ ਨਾਲ ਸਬੰਧਤ ਹੈ, ਉਹ ਸਰਕਾਰ ਦੀਆਂ ਪ੍ਰਾਪਤੀਆਂ ਦਾ ਉਲੇਖ ਕਰੇ ਤਾਂ ਜੋ ਉਹਨਾਂ ਨੂੰ ਸਬੰਧਤ ਵਰਗ ਲਈ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਪਤਾ ਲੱਗ ਸਕੇ। ਸੂਤਰਾਂ ਅਨੁਸਾਰ ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਪਣਾ ਨਿੱਜੀ ਸੁਝਾਅ ਤੇ ਪ੍ਰੈਕਟੀਕਲ ਸਮੱਸਿਆ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਇਹ ਕਹਿਕੇ ਰੋਕ ਦਿੱਤਾ ਗਿਆ ਕਿ ਉਹ ਨਿੱਜੀ ਤੌਰ ’ਤੇ ਮਿਲਕੇ ਦੱਸ ਦੇਣ ਇਹ ਸਾਰੇ ਵਿਧਾਇਕਾਂ ਦੀ ਮੀਟਿੰਗ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਆਪ ਦੀ ਮੋਗਾ ਰੈਲੀ ਬਾਅਦ ਕਾਂਗਰਸ ਨੇ ਬਰਨਾਲਾ ਵਿਖੇ ਰਾਜ ਪੱਧਰੀ ਰੈਲੀ ਕੀਤੀ ਹੈ ਅਤੇ ਸ਼ਰੋਮਣੀ ਅਕਾਲੀ ਦਲ ਵਲੋਂ ਹਲਕਾ ਵਾਈਜ਼ ਰੈਲੀਆਂ ਕਰਨਾ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।