ਸੁਖਪਾਲ ਖਹਿਰਾ ਦੇ ਬਿਆਨ 'ਤੇ ਭੜਕੇ 'ਆਪ' ਵਿਧਾਇਕ, ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ
ਉਨ੍ਹਾਂ ਹਰਪਾਲ ਚੀਮਾ ਵੱਲੋਂ ਕਾਂਗਰਸੀ ਆਗੂਆਂ ਬਾਰੇ ਵਰਤੀ ਗਈ ਸ਼ਬਦਾਵਲੀ 'ਤੇ ਪਲਟਵਾਰ ਕਰਦਿਆਂ ਕਿਹਾ ਜਿਨ੍ਹਾਂ ਲੋਕਾਂ ਦੀ ਗੱਲ ਵਿੱਤ ਮੰਤਰੀ ਕਰ ਰਹੇ ਹਨ, ਉਹ ਇਸ ਸਦਨ ਦਾ ਹਿੱਸਾ ਨਹੀਂ ਹਨ ਅਤੇ ਉਹ ਆਪਣੀ ਗੱਲ ਕਈ ਵਾਰ ਸਪੱਸ਼ਟ ਵੀ ਕਰ ਚੁੱਕੇ ਹਨ
Publish Date: Tue, 10 Mar 2026 11:41 AM (IST)
Updated Date: Tue, 10 Mar 2026 11:44 AM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਜ਼ੀਰੋ ਕਾਲ ਦੌਰਾਨ ਇੱਕ ਵਾਰ ਫਿਰ ਹੰਗਾਮਾ ਹੋ ਗਿਆ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਸੋਸ਼ਲ ਮੀਡੀਆ 'ਤੇ ਦਿੱਤਾ ਇੱਕ ਬਿਆਨ ਪੜ੍ਹ ਕੇ ਸੁਣਾਇਆ। ਇਸ ਬਿਆਨ ਵਿੱਚ ਖਹਿਰਾ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ "1000 ਰੁਪਏ ਲੈ ਕੇ ਔਰਤਾਂ ਕਿਹੜੇ ਸੂਰਮਿਆਂ ਨੂੰ ਪੈਦਾ ਕਰ ਦੇਣਗੀਆਂ।"
ਹਰਪਾਲ ਚੀਮਾ ਨੇ ਇਸ ਨੂੰ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਨੂੰਹਾਂ-ਧੀਆਂ ਦਾ ਅਪਮਾਨ ਦੱਸਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਹਮੇਸ਼ਾ ਇਹੀ ਬਿਆਨਬਾਜ਼ੀ ਰਹਿੰਦੀ ਹੈ। ਉਨ੍ਹਾਂ ਕਿਹਾ, "ਕਦੇ ਇਹ ਕਿਸੇ ਨੂੰ ਕਾਲਾ ਕਹਿ ਦਿੰਦੇ ਹਨ ਤੇ ਕਦੇ ਕਿਸੇ ਨੂੰ ਬੈਂਡ-ਵਾਜੇ ਵਜਾਉਣ ਵਾਲਾ, ਇਨ੍ਹਾਂ ਨੂੰ ਮਾਨਸਿਕ ਤੌਰ 'ਤੇ ਸਿਹਤ ਲਾਭ ਲੈਣ ਦੀ ਲੋੜ ਹੈ।"
ਪ੍ਰਤਾਪ ਸਿੰਘ ਬਾਜਵਾ ਦਾ ਪੱਖ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਇਹ ਬਿਆਨ ਨਹੀਂ ਦੇਖਿਆ ਹੈ, ਪਰ ਜੇਕਰ ਉਨ੍ਹਾਂ ਨੇ ਅਜਿਹਾ ਕਿਹਾ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ ਅਤੇ ਇਸ ਗੱਲ ਨੂੰ ਅੱਗੇ ਨਹੀਂ ਵਧਾਇਆ ਜਾਣਾ ਚਾਹੀਦਾ। ਉਨ੍ਹਾਂ ਹਰਪਾਲ ਚੀਮਾ ਵੱਲੋਂ ਕਾਂਗਰਸੀ ਆਗੂਆਂ ਬਾਰੇ ਵਰਤੀ ਗਈ ਸ਼ਬਦਾਵਲੀ 'ਤੇ ਪਲਟਵਾਰ ਕਰਦਿਆਂ ਕਿਹਾ ਜਿਨ੍ਹਾਂ ਲੋਕਾਂ ਦੀ ਗੱਲ ਵਿੱਤ ਮੰਤਰੀ ਕਰ ਰਹੇ ਹਨ, ਉਹ ਇਸ ਸਦਨ ਦਾ ਹਿੱਸਾ ਨਹੀਂ ਹਨ ਅਤੇ ਉਹ ਆਪਣੀ ਗੱਲ ਕਈ ਵਾਰ ਸਪੱਸ਼ਟ ਵੀ ਕਰ ਚੁੱਕੇ ਹਨ
ਹੰਗਾਮਾ ਅਤੇ ਕਾਰਵਾਈ ਮੁਲਤਵੀ
ਪ੍ਰਤਾਪ ਸਿੰਘ ਬਾਜਵਾ ਦੀ ਮਾਫ਼ੀ ਤੋਂ ਬਾਅਦ ਲੱਗ ਰਿਹਾ ਸੀ ਕਿ ਮਾਮਲਾ ਸ਼ਾਂਤ ਹੋ ਜਾਵੇਗਾ, ਪਰ ਆਮ ਆਦਮੀ ਪਾਰਟੀ ਦੀਆਂ ਵਿਧਾਇਕਾਵਾਂ ਇੰਦਰਜੀਤ ਕੌਰ ਮਾਨ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਕੇ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ: ਬੇਸ਼ੱਕ ਬਾਜਵਾ ਨੇ ਮੁਆਫ਼ੀ ਮੰਗ ਲਈ ਹੈ, ਪਰ ਖਹਿਰਾ ਦਾ ਇਹ ਬਿਆਨ ਮਾਫ਼ੀ ਦੇ ਯੋਗ ਨਹੀਂ ਹੈ। ਇਸ ਮੁੱਦੇ ਨੂੰ ਜਨਤਾ ਵਿੱਚ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਨੇ ਖਹਿਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਮਾਮਲੇ ਨੂੰ ਵਧਦਾ ਦੇਖ ਕੇ ਸਪੀਕਰ ਨੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ।