- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਸ਼ ਹੈ ਕਿ ਹੋਲੀ ਵਾਲੇ ਦਿਨ ਸਵੇਰੇ ਤੋਂ ਹੀ ਬੌਬੀ ਨਰੂਲਾ ਮੀਨਾਕਸ਼ੀ ਨੂੰ ਤਸੀਹੇ ਦੇ ਰਿਹਾ ਸੀ। ਇਸ ਦੀ ਜਾਣਕਾਰੀ ਗੁਆਂਢੀਆਂ ਵੱਲੋਂ ਪਰਿਵਾਰ ਨੂੰ ਦਿੱਤੀ ਗਈ। ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਨੇ ਮੀਨਾਕਸ਼ੀ ਨੂੰ ਘਸੀਟ ਕੇ ਤੀਜੀ ਮੰਜ਼ਿਲ ’ਤੇ ਬਣੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬਾਹਰੋਂ ਤਾਲਾ ਲਗਾ ਕੇ ਘਰ ਤੋਂ ਚਲਾ ਗਿਆ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਪਿੰਡ ਮਾਣਕਵਾਲ ਵਿਚ ਇਕ ਵਿਆਹੁਤਾ ਦੇ ਨਾਲ ਘਰੇਲੂ ਜ਼ੁਲਮ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਦੀ ਲਗਾਤਾਰ ਮਾਰਕੁੱਟ ਤੋਂ ਪ੍ਰੇਸ਼ਾਨ ਔਰਤ ਤੀਜੀ ਮੰਜ਼ਿਲ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਈ। ਇਹ ਘਟਨਾ 4 ਮਾਰਚ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਪਤੀ ਦੇ ਖ਼ਿਲਾਫ਼ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਖੁਸ਼ੀ ਅਰੋੜਾ ਨੇ ਦੱਸਿਆ ਕਿ ਉਸ ਦੀ ਨਨਾਣ ਮੀਨਾਕਸ਼ੀ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ। ਬੱਚਾ ਨਾ ਹੋਣ ਕਾਰਨ ਉਸ ਦਾ ਪਤੀ ਬੌਬੀ ਨਰੂਲਾ ਅਕਸਰ ਉਸ ਨੂੰ ਤੰਗ ਕਰਦਾ ਅਤੇ ਕੁੱਟਮਾਰ ਕਰਦਾ ਸੀ। ਮੀਨਾਕਸ਼ੀ ਕਈ ਵਾਰ ਫ਼ੋਨ ਕਰਕੇ ਆਪਣੇ ਨਾਲ ਹੋ ਰਹੀ ਜ਼ਿਆਦਤੀ ਬਾਰੇ ਪਰਿਵਾਰ ਨੂੰ ਦੱਸ ਚੁੱਕੀ ਸੀ। ਦੋਸ਼ ਹੈ ਕਿ ਹੋਲੀ ਵਾਲੇ ਦਿਨ ਸਵੇਰੇ ਤੋਂ ਹੀ ਬੌਬੀ ਨਰੂਲਾ ਮੀਨਾਕਸ਼ੀ ਨੂੰ ਤਸੀਹੇ ਦੇ ਰਿਹਾ ਸੀ। ਇਸ ਦੀ ਜਾਣਕਾਰੀ ਗੁਆਂਢੀਆਂ ਵੱਲੋਂ ਪਰਿਵਾਰ ਨੂੰ ਦਿੱਤੀ ਗਈ। ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਨੇ ਮੀਨਾਕਸ਼ੀ ਨੂੰ ਘਸੀਟ ਕੇ ਤੀਜੀ ਮੰਜ਼ਿਲ ’ਤੇ ਬਣੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬਾਹਰੋਂ ਤਾਲਾ ਲਗਾ ਕੇ ਘਰ ਤੋਂ ਚਲਾ ਗਿਆ।
ਸ਼ਾਮ ਦੇ ਸਮੇਂ ਮੀਨਾਕਸ਼ੀ ਨੇ ਕਿਸੇ ਤਰ੍ਹਾਂ ਬਾਰੀ ਰਾਹੀਂ ਕਮਰੇ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਸ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਈ। ਡਿੱਗਣ ਨਾਲ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਪਤੀ ਉਸਨੂੰ ਹਸਪਤਾਲ ਲੈ ਕੇ ਗਿਆ ਅਤੇ ਡਾਕਟਰਾਂ ਨੂੰ ਇਸ ਨੂੰ ਹਾਦਸਾ ਦੱਸ ਕੇ ਇਲਾਜ ਸ਼ੁਰੂ ਕਰਵਾ ਦਿੱਤਾ, ਪਰ ਕੁਝ ਸਮੇਂ ਬਾਅਦ ਉਹ ਹਸਪਤਾਲ ਤੋਂ ਹੀ ਫਰਾਰ ਹੋ ਗਿਆ। ਬਾਅਦ ਵਿਚ ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੇ ਆਧਾਰ ’ਤੇ ਮੁਲਜ਼ਮ ਬੌਬੀ ਨਰੂਲਾ ਦੇ ਖ਼ਿਲਾਫ਼ ਕੁੱਟਮਾਰ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਂਚ ਅਧਿਕਾਰੀ ਕਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਅਤੇ ਆਂਢੀਆਂ ਗੁਆਂਢੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ।