ਖੇਤਾਂ ’ਚ ਨਾੜ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਖੇਤਾਂ ਵਿਚ ਨਾੜ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
Publish Date: Mon, 20 Apr 2026 10:07 PM (IST)
Updated Date: Mon, 20 Apr 2026 10:09 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਜ਼ੀਰਕਪੁਰ ਦੇ ਗਾਜ਼ੀਪੁਰ ਰੋਡ ’ਤੇ ਸਥਿਤ ਖੇਤਾਂ ਵਿਚ ਸੋਮਵਾਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਕਣਕ ਦੀ ਵਢਾਈ ਤੋਂ ਬਾਅਦ ਖੇਤਾਂ ਵਿਚ ਬਚੀ ਨਾੜ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਆਸਮਾਨ ਵਿਚ ਧੂੰਏਂ ਦਾ ਕਾਲਾ ਗੁਬਾਰ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਿਹਾ ਸੀ, ਜਿਸ ਕਾਰਨ ਨੇੜਲੀਆਂ ਰਿਹਾਇਸ਼ੀ ਸੁਸਾਇਟੀਆਂ ਵਿਚ ਰਹਿਣ ਵਾਲੇ ਲੋਕ ਵੀ ਸਹਿਮ ਗਏ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਖ਼ੁਸ਼ਕਿਸਮਤੀ ਇਹ ਰਹੀ ਕਿ ਸਮਾਂ ਰਹਿੰਦੇ ਅੱਗ ’ਤੇ ਕੰਟਰੋਲ ਪਾ ਲਿਆ ਗਿਆ, ਨਹੀਂ ਤਾਂ ਤੇਜ਼ ਹਵਾਵਾਂ ਕਾਰਨ ਅੱਗ ਨਾਲ ਲੱਗਦੇ ਹੋਰਨਾਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਤੱਕ ਫੈਲ ਸਕਦੀ ਸੀ, ਜਿਸ ਨਾਲ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਰਮੀ ਦੇ ਇਸ ਮੌਸਮ ਵਿਚ ਸੁੱਕੀ ਨਾੜ ਬਹੁਤ ਜਲਦੀ ਅੱਗ ਫੜ ਲੈਂਦੀ ਹੈ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਖੇਤ ਵਿਚ ਪਈ ਪਰਾਲੀ ਸੜ ਕੇ ਸੁਆਹ ਹੋ ਗਈ। ਪ੍ਰਸ਼ਾਸਨ ਨੇ ਕਿਸਾਨਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਾਂ ਵਿਚ ਬੀੜੀ-ਸਿਗਰੇਟ ਪੀ ਕੇ ਨਾ ਸੁੱਟਣ ਅਤੇ ਨਾ ਹੀ ਨਾੜ ਜਾਂ ਕੂੜੇ ਨੂੰ ਅੱਗ ਲਗਾਉਣ, ਕਿਉਂਕਿ ਇਕ ਛੋਟੀ ਜਿਹੀ ਲਾਪ੍ਰਵਾਹੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਵਿਭਾਗ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।