ਮਰੀ ਹੋਈ ਗੳੂ ਕਾਰਨ ਆਵਾਰਾ ਕੁੱਤਿਆਂ ਦੇ ਡਰ ਦੇ ਨਾਲ-ਨਾਲ ਫੈਲੀ ਦਹਿਸ਼ਤ
ਇਕ ਮਰੀ ਹੋਈ ਗਾਂ ਕਾਰਨ ਆਵਾਰਾ ਕੁੱਤਿਆਂ ਦੇ ਡਰ ਦੇ ਨਾਲ-ਨਾਲ ਫੈਲੀ ਦਹਿਸ਼ਤ
Publish Date: Tue, 20 Jan 2026 08:28 PM (IST)
Updated Date: Tue, 20 Jan 2026 08:30 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਹੈਬਤਪੁਰ ਰੋਡ ਤੇ ਇਕ ਪੁਰਾਣੀ ਇਮਾਰਤ ਦੇ ਨੇੜੇ ਇਕ ਮਰੀ ਹੋਈ ਗਾਂ ਮਿਲਣ ਨਾਲ ਸਨਸਨੀ ਫੈਲ ਗਈ। ਸਥਾਨਕ ਲੋਕਾਂ ਦੇ ਅਨੁਸਾਰ, ਆਵਾਰਾ ਕੁੱਤੇ ਉਸਦੀ ਲਾਸ਼ ਨੂੰ ਪਾੜ ਕੇ ਖਾ ਰਹੇ ਸਨ। ਸਥਿਤੀ ਇੰਨੀ ਭਿਆਨਕ ਸੀ ਕਿ ਕੁੱਤੇ ਖੁੱਲ੍ਹੇਆਮ ਗਾਂ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਖਾਂਦੇ ਦੇਖੇ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਇਕ ਕੁੱਤਾ ਗੳੂ ਦੀ ਲੱਤ ਮੂੰਹ ਵਿਚ ਲੈ ਕੇ ਘੁੰਮਦਾ ਦੇਖਿਆ ਗਿਆ, ਜਿਸ ਨਾਲ ਰਾਹਗੀਰਾਂ ਵਿਚ ਡਰ ਅਤੇ ਗੁੱਸਾ ਪੈਦਾ ਹੋ ਗਿਆ। ਇਹ ਦ੍ਰਿਸ਼ ਨਾ ਸਿਰਫ਼ ਰਾਹਗੀਰਾਂ ਅਤੇ ਨੇੜਲੇ ਨਿਵਾਸੀਆਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਰੀ ਹੋਈ ਗਾਂ ਤੇਜ਼ ਬਦਬੂ ਛੱਡ ਰਹੀ ਹੈ, ਜਿਸ ਕਾਰਨ ਨੇੜੇ ਰਹਿਣਾ ਮੁਸ਼ਕਲ ਹੋ ਰਿਹਾ ਹੈ। ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਖ਼ਾਸ ਤੌਰ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਡਰ ਹੈ ਕਿ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਭਵਿੱਖ ਵਿਚ ਹਮਲੇ ਦਾ ਕਾਰਨ ਬਣ ਸਕਦੀ ਹੈ। ਜਦੋਂ ਇਸ ਬਾਰੇ ਸਥਾਨਕ ਲੋਕਾਂ ਨੇ ਨਗਰ ਕੌਂਸਲ ਡੇਰਾਬੱਸੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਮੁਲਾਜ਼ਮਾਂ ਨੂੰ ਭੇਜ ਕੇ ਗਾਂ ਦੀ ਲਾਸ਼ ਨੂੰ ਦਫ਼ਨਾ ਦਿੱਤਾ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਸੁੱਖ ਦਾ ਸਾਹ ਲਿਆ।