ਪਾਕਿਸਤਾਨ ਤੋਂ ਲੂਣ ਦੀ ਖੇਪ ਬਹਾਨੇ ਮੰਗਵਾਈ 532 ਕਿਲੋ ਹੈਰੋਇਨ, NIA ਨੇ ਦਿੱਤੇ ਗਵਾਹਾਂ ਦੇ ਗ਼ਲਤ-ਅਧੂਰੇ ਪਤੇ, Court ਨੇ ਪਾਈ ਝਾੜ
ਅਦਾਲਤ ਵਿਚ ਚਾਰ ਮੁੱਖ ਗਵਾਹਾਂ ਦੀ ਪੇਸ਼ੀ ਨੂੰ ਲੈ ਕੇ ਕਈ ਸਮੱਸਿਆਵਾਂ ਸਾਹਮਣੇ ਆਈਆਂ ਜਿਸ ਵਿਚ ਜਗਜੀਤ ਸਿੰਘ ਦਾ ਪਤਾ ਗ਼ਲਤ ਹੋਣ ਕਾਰਨ ਸੰਮਨ ਤਾਮੀਲ ਨਹੀਂ ਹੋ ਸਕੇ। ਅਦਾਲਤ ਨੇ 7 ਦਿਨਾਂ ਦੇ ਅੰਦਰ ਸਹੀ ਪਤਾ ਜਮ੍ਹਾਂ ਕਰਾਉਣ ਲਈ ਕਿਹਾ ਹੈ, ਜਦਕਿ ਗੁਰਵਿੰਦਰ ਸਿੰਘ ਨੂੰ ਮੋਬਾਈਲ ਰਾਹੀਂ ਸੂਚਨਾ ਦੇਣ ਦੇ ਬਾਵਜੂਦ ਪੇਸ਼ ਨਾ ਹੋਣ ’ਤੇ ਅਦਾਲਤ ਨੇ 2,000 ਰੁਪਏ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
Publish Date: Tue, 13 Jan 2026 03:04 PM (IST)
Updated Date: Tue, 13 Jan 2026 03:08 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪਾਕਿਸਤਾਨ ਤੋਂ ਨਮਕ ਦੀ ਖੇਪ ਦੇ ਬਹਾਨੇ 532 ਕਿਲੋਗ੍ਰਾਮ ਹੈਰੋਇਨ ਮੰਗਵਾਉਣ ਦੇ 8 ਸਾਲ ਪੁਰਾਣੇ ਨਾਰਕੋ-ਟੈਰੋਰਿਜ਼ਮ ਮਾਮਲੇ ਵਿਚ ਮੁਹਾਲੀ ਸਥਿਤ ਵਿਸ਼ੇਸ਼ ਐੱਨਆਈਏ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਅਦਾਲਤ ਵਿਚ ਗਵਾਹਾਂ ਦੇ ਪੇਸ਼ ਨਾ ਹੋਣ ਅਤੇ ਐੱਨਆਈਏ ਵੱਲੋਂ ਦਿੱਤੇ ਗਏ ਪਤੇ ਅਧੂਰੇ ਜਾਂ ਗ਼ਲਤ ਨਿਕਲਣ ’ਤੇ ਅਦਾਲਤ ਨੇ ਏਜੰਸੀ ਨੂੰ ਫਟਕਾਰ ਲਗਾਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਚੀਫ਼ ਜਾਂਚ ਅਧਿਕਾਰੀ ਨੂੰ ਅਗਲੀ ਸੁਣਵਾਈ ’ਤੇ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ਅਦਾਲਤ ਵਿਚ ਚਾਰ ਮੁੱਖ ਗਵਾਹਾਂ ਦੀ ਪੇਸ਼ੀ ਨੂੰ ਲੈ ਕੇ ਕਈ ਸਮੱਸਿਆਵਾਂ ਸਾਹਮਣੇ ਆਈਆਂ ਜਿਸ ਵਿਚ ਜਗਜੀਤ ਸਿੰਘ ਦਾ ਪਤਾ ਗ਼ਲਤ ਹੋਣ ਕਾਰਨ ਸੰਮਨ ਤਾਮੀਲ ਨਹੀਂ ਹੋ ਸਕੇ। ਅਦਾਲਤ ਨੇ 7 ਦਿਨਾਂ ਦੇ ਅੰਦਰ ਸਹੀ ਪਤਾ ਜਮ੍ਹਾਂ ਕਰਾਉਣ ਲਈ ਕਿਹਾ ਹੈ, ਜਦਕਿ ਗੁਰਵਿੰਦਰ ਸਿੰਘ ਨੂੰ ਮੋਬਾਈਲ ਰਾਹੀਂ ਸੂਚਨਾ ਦੇਣ ਦੇ ਬਾਵਜੂਦ ਪੇਸ਼ ਨਾ ਹੋਣ ’ਤੇ ਅਦਾਲਤ ਨੇ 2,000 ਰੁਪਏ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਗੁਰਜਿੰਦਰ ਸਿੰਘ ਲਈ ਐੱਨਆਈਏ ਵੱਲੋਂ ਗਵਾਹ ਦਾ ਪੂਰਾ ਪਤਾ ਉਪਲੱਬਧ ਨਹੀਂ ਕਰਵਾਇਆ ਗਿਆ ਜਦਕਿ ਰਜਨੀ ਨੂੰ ਪੁਲਿਸ ਸਟੇਸ਼ਨ ਰਾਹੀਂ ਭੇਜੇ ਗਏ ਸੰਮਨ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਸੁਣਵਾਈ ਦੌਰਾਨ ਮੁੱਖ ਮੁਲਜ਼ਮ ਤਾਰਿਕ ਅਹਿਮਦ ਲੋਨ, ਰਣਜੀਤ ਸਿੰਘ ਉਰਫ਼ ਰਾਣਾ ਅਤੇ ਅਮਿਤ ਗੰਭੀਰ ਨੂੰ ਜੇਲ੍ਹ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਜਦਕਿ ਜ਼ਮਾਨਤ ’ਤੇ ਬਾਹਰ ਚੱਲ ਰਹੇ ਜਸਬੀਰ ਸਿੰਘ, ਸੰਦੀਪ ਕੌਰ, ਨਿਰਭੈਲ ਸਿੰਘ ਅਤੇ ਅਜੇ ਗੁਪਤਾ ਵੀ ਆਨਲਾਈਨ ਪੇਸ਼ ਹੋਏ।
ਇਹ ਹੈ ਮਾਮਲਾ
ਇਹ ਮਾਮਲਾ 29 ਜੂਨ 2019 ਦਾ ਹੈ, ਜਦੋਂ ਅੰਮ੍ਰਿਤਸਰ ਦੀ ਅਟਾਰੀ ਚੈੱਕ ਪੋਸਟ ’ਤੇ ਪਾਕਿਸਤਾਨ ਤੋਂ ਆਈ ਨਮਕ ਦੀ ਖੇਪ ਵਿਚੋਂ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ। ਐੱਨਆਈਏ ਦੀ ਜਾਂਚ ਵਿਚ ਖ਼ੁਲਾਸਾ ਹੋਇਆ ਸੀ ਕਿ ਇਸ ਅੰਤਰਰਾਸ਼ਟਰੀ ਨੈੱਟਵਰਕ ਦੇ ਤਾਰ ਅਫਗਾਨਿਸਤਾਨ ਤੱਕ ਜੁੜੇ ਹੋਏ ਹਨ ਅਤੇ ਇਸ ਵਿਚ ਹਵਾਲਾ ਚੈਨਲਾਂ ਦੀ ਵਰਤੋਂ ਕੀਤੀ ਗਈ ਸੀ। ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਨੂੰ ਤੈਅ ਕੀਤੀ ਗਈ ਹੈ।