- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਇਨ੍ਹਾਂ ਹੀ ਆਈਡੀ ਤੋਂ ਦੇਸ਼ ਭਰ ’ਚ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜੀਆਂ ਜਾ ਰਹੀਆਂ ਹਨ। ਸੌਰਵ 2017 ’ਚ ਇਕ ਬ੍ਰੋਕਰ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖਲ ਹੋਇਆ ਸੀ। ਭਾਰਤ ਆਉਣ ਤੋਂ ਬਾਅਦ ਉਹ ਪੱਛਮੀ ਬੰਗਾਲ ’ਚ ਰਹਿਣ ਲੱਗਾ।

ਸੰਦੀਪ ਖੱਤਰੀ, ਜਾਗਰਣ , ਚੰਡੀਗੜ੍ਹ : ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਦੇਸ਼ ਭਰ ’ਚ ਵੱਖ-ਵੱਖ ਸੰਸਥਾਵਾਂ ਨੂੰ ਭੇਜੀਆਂ ਜਾ ਰਹੀਆਂ ਬੰਬ ਧਮਕੀਆਂ ਦੀ ਜਾਂਚ ’ਚ ਗ੍ਰਿਫ਼ਤਾਰ ਬੰਗਲਾਦੇਸ਼ੀ ਮੂਲ ਦੇ ਦੋਸ਼ੀ ਸੌਰਵ ਵਿਸ਼ਵਾਸ ਨਾਲ ਕੀਤੀ ਗਈ ਪੁੱਛਗਿੱਛ ’ਚ ਕਈ ਭੇਤ ਸਾਹਮਣੇ ਆਏ ਹਨ। ਚੰਡੀਗੜ੍ਹ ਪੁਲਿਸ ਦੀ ਪੁੱਛਗਿੱਛ ’ਚ ਪਤਾ ਲੱਗਿਆ ਕਿ ਦੋਸ਼ੀ ਨੇ ਆਪਣੇ ਯੂ-ਟਿਊਬ ਚੈਨਲ ਦੀ ਗ੍ਰੋਥ ਲਈ ਟੈਲੀਗ੍ਰਾਮ ਰਾਹੀਂ ਕਿਸੇ ਅਣਜਾਣ ਵਿਅਕਤੀ ਤੋਂ ਲੱਗਭਗ 300 ਪੁਰਾਣੀਆਂ ਤੇ ਡੀਐਕਟੀਵੇਟ ਕੀਤੀਆਂ ਈਮੇਲ ਆਈਡੀ ਖਰੀਦੀਆਂ ਸਨ। ਇਨ੍ਹਾਂ ਦੇ ਇਸਤੇਮਾਲ ਤੋਂ ਬਾਅਦ ਦੋਸ਼ੀ ਨੇ 219 ਈਮੇਲ ਆਈਡੀ ਬੰਗਲਾਦੇਸ਼ ਦੇ ਮਾਮੁਨੂਰ ਰਾਸ਼ਿਦ ਨਾਮਕ ਵਿਅਕਤੀ ਨੂੰ 145 ਯੂਐੱਸਡੀਟੀ (13 ਹਜ਼ਾਰ ਰੁਪਏ) ’ਚ ਵੇਚ ਦਿੱਤੀਆਂ।
ਹੁਣ ਇਨ੍ਹਾਂ ਹੀ ਆਈਡੀ ਤੋਂ ਦੇਸ਼ ਭਰ ’ਚ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜੀਆਂ ਜਾ ਰਹੀਆਂ ਹਨ। ਸੌਰਵ 2017 ’ਚ ਇਕ ਬ੍ਰੋਕਰ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖਲ ਹੋਇਆ ਸੀ। ਭਾਰਤ ਆਉਣ ਤੋਂ ਬਾਅਦ ਉਹ ਪੱਛਮੀ ਬੰਗਾਲ ’ਚ ਰਹਿਣ ਲੱਗਾ। ਸ਼ੁਰੂਆਤੀ ਦਿਨਾਂ ’ਚ ਲੱਗਭਗ ਦੋ ਮਹੀਨੇ ਮਜ਼ਦੂਰੀ ਕਰਨ ਤੋਂ ਬਾਅਦ ਉਹ ਸਾਈਬਰ ਕੈਫੇ ’ਚ ਕੰਮ ਕਰਨ ਲੱਗਾ, ਜਿੱਥੇ ਉਸ ਨੂੰ ਇੰਟਰਨੈੱਟ ਤੇ ਤਕਨੀਕੀ ਗਤੀਵਿਧੀਆਂ ਦੀ ਜਾਣਕਾਰੀ ਮਿਲੀ। ਸਾਈਬਰ ਕੈਫੇ ਦੀ ਨੌਕਰੀ ਛੱਡਣ ਤੋਂ ਬਾਅਦ ਉਸ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਤੇ ਉਸ ’ਤੇ ਥ੍ਰੀ-ਡੀ ਐਨੀਮੇਸ਼ਨ ਵੀਡੀਓਜ਼ ਅਪਲੋਡ ਕਰਨ ਲੱਗਾ।
ਚੈਨਲ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਉਸ ਨੇ ਟੈਲੀਗ੍ਰਾਮ ਰਾਹੀਂ ਪੁਰਾਣੀਆਂ ਤੇ ਡੀਐਕਟੀਵੇਟ ਕੀਤੀਆਂ ਈਮੇਲ ਆਈਡੀ ਖਰੀਦੀਆਂ। ਜਾਂਚ ’ਚ ਪਤਾ ਲੱਗਾ ਹੈ ਕਿ ਉਹ ਇਕ-ਇਕ ਈਮੇਲ ਆਈਡੀ ਦਾ ਪਾਸਵਰਡ ਜਨਰੇਟ ਕਰ ਕੇ ਉਸ ਨੂੰ ਐਕਟੀਵੇਟ ਕਰਦਾ ਸੀ ਤੇ ਫਿਰ ਉਨ੍ਹਾਂ ਹੀ ਆਈਡੀ ਰਾਹੀਂ ਆਪਣੇ ਯੂ-ਟਿਊਬ ਤੇ ਫੇਸਬੁੱਕ ਚੈਨਲ ’ਤੇ ਲਾਈਕ, ਕੁਮੈਂਟ ਤੇ ਸਬਸਕ੍ਰਿਪਸ਼ਨ ਵਧਾਉਂਦਾ ਸੀ। ਹੁਣ ਉਸ ਦੇ ਲੱਗਭਗ 5 ਲੱਖ ਸਬਸਕ੍ਰਾਈਬਰ ਹਨ। ਇਸ ਤੋਂ ਬਾਅਦ ਉਸ ਨੇ ਡਿਜੀਟਲ ਮਾਰਕੀਟਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਤੇ ਫੇਸਬੁੱਕ ਵਿਗਿਆਪਨ ਤਿਆਰ ਕਰਨ ਸਮੇਤ ਹੋਰ ਆਨਲਾਈਨ ਪ੍ਰਚਾਰ ਗਤੀਵਿਧੀਆਂ ਨਾਲ ਜੁੜ ਗਿਆ। ਇਸ ਨਾਲ ਉਸ ਦੀ ਆਮਦਨ ਵੀ ਵਧਣ ਲੱਗੀ ਸੀ। ਹਾਲਾਂਕਿ ਬਾਅਦ ’ਚ ਕਾਪੀਰਾਈਟ ਕਾਰਨ ਉਸ ਦਾ ਯੂ-ਟਿਊਬ ਚੈਨਲ ਬੰਦ ਹੋ ਗਿਆ।
ਜਾਂਚ ’ਚ ਪਤਾ ਲੱਗਾ ਹੈ ਕਿ ਦੋਸ਼ੀ ਨੇ ਖਰੀਦੀਆਂ ਤੇ ਵੇਚੀਆਂ ਗਈਆਂ ਈਮੇਲ ਆਈਡੀ ਦਾ ਪੂਰਾ ਰਿਕਾਰਡ ਐਕਸਲ ਸ਼ੀਟ ’ਚ ਤਿਆਰ ਕਰ ਕੇ ਰੱਖਿਆ ਸੀ। ਐਕਸਲ ਸ਼ੀਟ ਦੇਖਦੇ ਹੀ ਪੁਲਿਸ ਨੂੰ ਪਤਾ ਲੱਗਾ ਕਿ ਜਿਨ੍ਹਾਂ ਈਮੇਲ ਤੋਂ ਬੰਬ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਹ ਸੌਰਵ ਨੇ ਹੀ ਵੇਚੀਆਂ ਹਨ, ਜਿਸ ਤੋਂ ਬਾਅਦ ਤਕਨੀਕੀ ਜਾਂਚ, ਆਈਪੀ ਐਡਰੈੱਸ ਤੇ ਹੋਰ ਡਿਜੀਟਲ ਸਬੂਤਾਂ ਦੀ ਮਦਦ ਨਾਲ ਪੁਲਿਸ ਦੋਸ਼ੀ ਤੱਕ ਪਹੁੰਚ ਗਈ।
ਦਿੱਲੀ ਤੇ ਅੰਮ੍ਰਿਤਸਰ ਪੁਲਿਸ ਵੀ ਕਰ ਚੁੱਕੀ ਪੁੱਛਗਿੱਛ
ਦੋਸ਼ੀ ਗੁਜਰਾਤ ਪੁਲਿਸ ਦੀ ਹਿਰਾਸਤ ’ਚ ਸੀ। ਚੰਡੀਗੜ੍ਹ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈਣ ਪਹੁੰਚੀ ਪਰ ਉਸ ਤੋਂ ਪਹਿਲਾਂ ਦਿੱਲੀ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਦਿੱਲੀ ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਦੋਸ਼ੀ ਨੂੰ ਅੰਮ੍ਰਿਤਸਰ ਪੁਲਿਸ ਨੇ ਵੀ ਉਸ ਤੋਂ ਪੁੱਛਗਿੱਛ ਕੀਤੀ। ਬਾਅਦ ’ਚ ਉਸ ਨੂੰ ਤਿਹਾੜ ਜੇਲ ਭੇਜ ਦਿੱਤਾ ਗਿਆ। ਚੰਡੀਗੜ੍ਹ ਪੁਲਿਸ ਨੇ ਤਿਹਾੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਦੋਸ਼ੀ ਨੂੰ ਚੰਡੀਗੜ੍ਹ ਲਿਆ ਕੇ ਪੁੱਛਗਿੱਛ ਕੀਤੀ। ਸ਼ਹਿਰ ’ਚ ਸੈਕਟਰ-17 ਤੇ 3 ਥਾਣਾ ਖੇਤਰ ’ਚ ਦਰਜ ਦੋ ਵੱਖ-ਵੱਖ ਐੱਫਆਈਆਰਜ਼ ’ਚ ਉਸ ਤੋਂ ਪੁੱਛਗਿੱਛ ਕੀਤੀ ਗਈ। ਪਹਿਲਾਂ ਸੈਕਟਰ-17 ਥਾਣਾ ਪੁਲਿਸ ਨੇ ਪੁੱਛਗਿੱਛ ਕੀਤੀ ਤੇ ਬਾਅਦ ’ਚ ਸੈਕਟਰ-3 ਥਾਣਾ ਪੁਲਿਸ ਨੇ ਪੁੱਛਗਿੱਛ ਕੀਤੀ। ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਸ਼ੀ ਨੂੰ ਦੁਬਾਰਾ ਤਿਹਾੜ ਜੇਲ ਭੇਜ ਦਿੱਤਾ ਗਿਆ।