ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੇ ਗੁੱਸੇ ’ਚ ਆਪਣੀ ਹੀ ਬਾਈਕ ਨੂੰ ਲਾਈ ਅੱਗ
ਸੜਕ ’ਤੇ ਹੋਏ ਇਕ ਛੋਟੇ ਜਿਹੇ ਵਿਵਾਦ ਨੇ ਉਸ ਵੇਲੇ ਹੈਰਾਨੀਜਨਕ ਮੋੜ ਲੈ ਲਿਆ, ਜਦੋਂ ਇਕ ਨੌਜਵਾਨ ਨੇ ਗੁੱਸੇ ਵਿਚ ਆਪਣੀ ਹੀ ਬਾਈਕ ਨੂੰ ਅੱਗ ਦੇ ਸੌਂਪ ਦਿੱਤਾ। ਇਹ ਘਟਨਾ ਸੈਕਟਰ-37/41 ਦੀ ਡਿਵਾਈਡਿੰਗ ਰੋਡ ’ਤੇ ਵਾਪਰੀ। ਨੌਜਵਾਨ ਨੇ ਪਹਿਲਾਂ ਇਕ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ਅਤੇ ਫਿਰ ਸ਼ਬਦੀ ਜੰਗ ਦੌਰਾਨ ਬਾਈਕ ਦੀ ਪੈਟਰੋਲ ਟੈਂਕ ਖੋਲ੍ਹ ਕੇ ਉਸ ਵਿਚ ਅੱਗ ਲਗਾ ਦਿੱਤੀ।
Publish Date: Mon, 25 May 2026 11:19 PM (IST)
Updated Date: Mon, 25 May 2026 11:57 PM (IST)

ਜਾ.ਸ., ਚੰਡੀਗੜ੍ਹ : ਸੜਕ ’ਤੇ ਹੋਏ ਇਕ ਛੋਟੇ ਜਿਹੇ ਵਿਵਾਦ ਨੇ ਉਸ ਵੇਲੇ ਹੈਰਾਨੀਜਨਕ ਮੋੜ ਲੈ ਲਿਆ, ਜਦੋਂ ਇਕ ਨੌਜਵਾਨ ਨੇ ਗੁੱਸੇ ਵਿਚ ਆਪਣੀ ਹੀ ਬਾਈਕ ਨੂੰ ਅੱਗ ਦੇ ਸੌਂਪ ਦਿੱਤਾ। ਇਹ ਘਟਨਾ ਸੈਕਟਰ-37/41 ਦੀ ਡਿਵਾਈਡਿੰਗ ਰੋਡ ’ਤੇ ਵਾਪਰੀ। ਨੌਜਵਾਨ ਨੇ ਪਹਿਲਾਂ ਇਕ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ਅਤੇ ਫਿਰ ਸ਼ਬਦੀ ਜੰਗ ਦੌਰਾਨ ਬਾਈਕ ਦੀ ਪੈਟਰੋਲ ਟੈਂਕ ਖੋਲ੍ਹ ਕੇ ਉਸ ਵਿਚ ਅੱਗ ਲਗਾ ਦਿੱਤੀ। ਦੇਖਦਿਆਂ ਹੀ ਦੇਖਦਿਆਂ ਬਾਈਕ ਧੂ-ਧੂ ਕਰ ਕੇ ਸੜਨ ਲੱਗੀ। ਜਾਣਕਾਰੀ ਮਿਲਣ ’ਤੇ ਫਾਇਰ ਬ੍ਰਿਗੇਡ ਅਤੇ ਸੈਕਟਰ-39 ਪੁਲਿਸ ਮੌਕੇ ’ਤੇ ਪਹੁੰਚ ਗਈ, ਪਰ ਉਦੋਂ ਤੱਕ ਬਾਈਕ ਪੂਰੀ ਤਰ੍ਹਾਂ ਸੜ ਚੁੱਕੀ ਸੀ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪੰਜਾਬ ਦੇ ਰੋਪੜ ਵਾਸੀ ਜਸਵਿੰਦਰ ਦੇ ਰੂਪ ਵਿਚ ਹੋਈ ਹੈ। ਉਹ ਚੰਡੀਗੜ੍ਹ ਵਿਚ ਮਿਸਤਰੀ ਦਾ ਕੰਮ ਕਰਦਾ ਹੈ। ਰਾਹਗੀਰਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਅਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਕਾਰ ਚਾਲਕ ਦੇ ਬਿਆਨ ਦਰਜ ਕੀਤੇ, ਪਰ ਉਸ ਨੇ ਆਧਿਕਾਰਿਕ ਸ਼ਿਕਾਇਤ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਜਸਵਿੰਦਰ ਨੂੰ ਹਿਰਾਸਤ ਵਿਚ ਲੈ ਕੇ ਮੈਡੀਕਲ ਕਰਵਾਇਆ। ਜਾਂਚ ਵਿਚ ਉਸ ਦੇ ਸ਼ਰਾਬ ਦੇ ਨਸ਼ੇ ਵਿਚ ਹੋਣ ਦੀ ਪੁਸ਼ਟੀ ਹੋਈ। ਸੈਕਟਰ-39 ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 126 ਅਤੇ 170 ਦੇ ਤਹਿਤ ਕਾਰਵਾਈ ਕਰਦਿਆਂ ਕਲੰਡਰਾ ਤਿਆਰ ਕੀਤਾ ਹੈ।