ਨਸ਼ੇੜੀ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ
ਭੀਖੀ ਸ਼ਹਿਰ ਵਿੱਚ ਨਸ਼ੇ ਦਾ ਮਾਮਲਾ
Publish Date: Sat, 09 May 2026 07:06 PM (IST)
Updated Date: Sun, 10 May 2026 04:10 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਮਾਨਸਾ ਜ਼ਿਲ੍ਹੇ ਦੇ ਭੀਖੀ ਸ਼ਹਿਰ ਵਿੱਚ ਨਸ਼ੇ ਦੀ ਹਾਲਤ ’ਚ ਇਕ ਮੋਟਰਸਾਈਕਲ ’ਤੇ ਝੂਲਦਾ ਹੋਇਆ ਨੌਜਵਾਨ ਮਿਲਿਆ। ਲਗਾਤਾਰ ਨਸ਼ੇ ਦੀ ਹਾਲਤ ’ਚ ਮਿਲ ਰਹੇ ਇਸ ਤਰ੍ਹਾਂ ਦੇ ਨੌਜਵਾਨਾਂ ਕਾਰਨ ਪੁਲਿਸ ‘ਤੇ ਵੀ ਉਂਗਲ ਉੱਠ ਰਹੀ ਹੈ। ਭਾਵੇਂਕਿ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਨੂੰ ਫੜ੍ਹੇ ਜਾਣ ਦਾ ਦਾਅਵਾ ਕਰਦੀ ਹੈ, ਪਰ ਇਸ ਤਰ੍ਹਾਂ ਨਸ਼ੇ ਦੀ ਹਾਲਤ ’ਚ ਮਿਲਣੇ ਨੌਜਵਾਨਾਂ ਦਾ ਇਕ ਗੰਭੀਰ ਮਸਲਾ ਹੈ। ਨੌਜਵਾਨ ਦੇ ਨਸ਼ੇ ਦਾ ਟੀਕਾ ਲਗਾਉਣ ਬਾਅਦ ਮੋਟਰਸਾਈਕਲ ’ਤੇ ਹੀ ਬੇਹੋਸ਼ੀ ਵਰਗੀ ਹਾਲਤ ਵਿੱਚ ਝੂਲਦਾ ਨਜ਼ਰ ਆਉਣ ਦੇ ਬਾਅਦ ਭੀਖੀ ਪੁਲਿਸ ਨੂੰ ਸੂਚਿਤ ਕਰਨ ‘ਤੇ ਥਾਣਾ ਮੁਖੀ ਭੀਖੀ ਗੁਰਮੇਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਇਸ ਘਟਨਾ ਦੇ ਸਾਹਮਣੇ ਆਉਣ ਬਾਅਦ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭੀਖੀ ਵਿੱਚ ਨਸ਼ੇ ਦੀ ਵਿਕਰੀ ਅਤੇ ਵਰਤੋਂ ਖੁੱਲ੍ਹੇਆਮ ਹੋ ਰਹੀ ਹੈ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਖ਼ਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਤੋਂ ਬਿਲਕੁਲ ਉਲਟ ਨਜ਼ਰ ਆ ਰਹੇ ਹਨ। ਉਨਾਂ ਕਿਹਾ ਕਿ ਨਸ਼ੇ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਵਿੱਚ ਚੱਲ ਰਹੇ ਨਸ਼ੇ ਦੇ ਜਾਲ ਨੂੰ ਤੋੜਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਥਾਣਾ ਮੁਖੀ ਭੀਖੀ ਗੁਰਮੇਲ ਸਿੰਘ ਨੇ ਕਿਹਾ ਕਿ ਉਕਤ ਨੌਜਵਾਨ ਦਾ ਡੋਪ ਟੈਸਟ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।