20 ਲੱਖ ਦੀ ਠੱਗੀ, ਨੌਜਵਾਨ ਇਟਲੀ ਤੋਂ ਪਰਤਿਆ ਵਾਪਸ
ਮਾਨਸਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਇੱਕ
Publish Date: Sat, 30 May 2026 06:56 PM (IST)
Updated Date: Sun, 31 May 2026 04:05 AM (IST)

ਪੰਜਾਬ ਸਰਕਾਰ ਤੇ ਪੁਲਿਸ ਕੋਲ ਲਗਾ ਰਿਹਾ ਮਦਦ ਦੀ ਗੁਹਾਰ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਇੱਕ ਏਜੰਟ ਗਿਰੋਹ ਵੱਲੋਂ ਉਸ ਨਾਲ 20 ਲੱਖ ਰੁਪਏ ਦੀ ਠੱਗੀ ਕਰਕੇ ਵਿਦੇਸ਼ ਤੋਂ ਵਾਪਸ ਭੇਜਣ ਦੇ ਦੋਸ਼ ਲਗਾਏ ਹਨ। ਪੀੜ੍ਹਤ ਨੌਜਵਾਨ ਨੇ ਇੰਡੀਆ ਵਾਪਸ ਆਪਣੇ ਘਰ ਪਹੁੰਚ ਸਰਕਾਰ ਤੇ ਪੰਜਾਬ ਪੁਲਿਸ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੀੜ੍ਹਤ ਨੌਜਵਾਨ ਰਜਿੰਦਰ ਸਿੰਘ ਪਿੰਡ ਖਿਆਲਾ ਦੇ ਨੌਜਵਾਨ ਨੇ ਦੋਸ਼ ਲਗਾਇਆ ਹੈ ਕਿ 20 ਲੱਖ ਰੁਪਏ ਲੈ ਕੇ ਉਸ ਨੂੰ ਏਜੰਟ ਇਟਲੀ ਤਾਂ ਲੈ ਗਿਆ, ਪਰ ਉੱਥੇ ਕੋਈ ਵੀ ਕੰਮ ਨਹੀਂ ਦਿੱਤਾ ਗਿਆ। ਬਲਕਿ ਉਸ ਨੂੰ ਨਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਗਿਆ। ਨੌਜਵਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ, ਜੋ ਕਿ ਏਜੰਟ ਦਾ ਕੰਮ ਕਰਦਾ ਹੈ। ਸਾਲ 2024 ਵਿੱਚ 20 ਲੱਖ ਰੁਪਏ ਲੈ ਕੇ ਉਸ ਨੂੰ ਇਟਲੀ ਲੈ ਗਿਆ ਅਤੇ ਉਸਨੂੰ ਮਹੀਨੇ ਦੀ ਕਮਾਈ ਦੋ ਲੱਖ ਰੁਪਏ ਤੋਂ ਜ਼ਿਆਦਾ ਦੇਣ ਦਾ ਲਾਲਚ ਵੀ ਦਿੱਤਾ ਗਿਆ। ਜਲਦ ਹੀ ਇਟਲੀ ਵਿੱਚ ਪੱਕਾ ਕਰਵਾਉਣ ਦਾ ਵੀ ਭਰੋਸਾ ਦਿੱਤਾ ਗਿਆ। ਨੌਜਵਾਨ ਨੇ ਦੋਸ਼ ਲਗਾਇਆ ਕਿ ਉਸ ਨੂੰ ਨਾ ਤਾਂ ਇਟਲੀ ਵਿੱਚ ਪੱਕਾ ਕਰਵਾਇਆ ਗਿਆ ਅਤੇ ਨਾ ਹੀ ਉਸ ਨੂੰ ਕੋਈ ਕੰਮ ਦਿਵਾਇਆ ਗਿਆ, ਬਲਕਿ ਉਸ ਨੂੰ ਆਪਣੇ ਹੀ ਕਿਸੇ ਢਾਬੇ ਤੇ ਭਾਂਡੇ ਮਾਂਜਣ ਲਈ ਰੱਖਿਆ ਗਿਆ। ਜਦ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸਦੀ ਕੁੱਟਮਾਰ ਕੀਤੀ ਗਈ। ਉਸ ਨੂੰ ਨਜਾਇਜ਼ ਤੌਰ ਤੇ ਇਟਲੀ ਵਿੱਚ ਰੱਖਿਆ ਗਿਆ। ਪੀੜ੍ਹਤ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਜ਼ਮੀਨ ਵੇਚ ਕੇ ਅਤੇ ਘਰ ਦੇ ਗਹਿਣੇ ਗੱਟੇ ਵੇਚ ਕੇ 20 ਲੱਖ ਰੁਪਇਆ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਟਲੀ ਵਿੱਚ ਜੇਕਰ ਕੋਈ ਨੌਜਵਾਨ ਉਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਉਸਦੀ ਕੁੱਟਮਾਰ ਕਰਕੇ ਗਲਤ ਤਰੀਕੇ ਨਾਲ ਵੀਡੀਓ ਬਣਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਤੋਂ ਪੈਸੇ ਮੰਗਵਾ ਕੇ ਟਿਕਟ ਕਰਵਾਈ ਗਈ ਤੇ ਹੁਣ ਉਹ ਘਰ ਵਾਪਸ ਪਰਤਿਆ ਹੈ। ਪੀੜ੍ਹਤ ਨੌਜਵਾਨ ਰਾਜਿੰਦਰ ਸਿੰਘ ਅਤੇ ਉਸ ਦੇ ਪਿਤਾ ਚੂਹੜ ਸਿੰਘ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।