ਮਜ਼ਦੂਰ ਦਿਵਸ ’ਤੇ ਛੁੱਟੀ, ਪਰ ਮਜ਼ਦੂਰ ਕਰਦੇ ਰਹੇ ਮਜ਼ਦੂਰੀ
ਇਕ ਮਈ ਦਾ ਦਿਨ ਮਜ਼ਦੂਰ
Publish Date: Fri, 01 May 2026 06:05 PM (IST)
Updated Date: Sat, 02 May 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ ਇਕ ਮਈ ਦਾ ਦਿਨ ਮਜ਼ਦੂਰ ਦਿਵਸ ਦੇ ਤੌਰ ਤੇ ਦੁਨੀਆਂ ਭਰ ਵਿਚ ਮਨਾਇਆ। ਬੇਸ਼ਕ ਮਜ਼ਦੂਰ ਦਿਵਸ ਤੇ ਛੁੱਟੀ ਹੁੰਦੀ ਹੈ, ਪਰ ਮਜ਼ਦੂਰਾਂ ਨੂੰ ਮਜਬੂਰੀ ’ਚ ਇਸ ਦਿਨ ਵੀ ਮਜ਼ਦੂਰੀ ਕਰਨੀ ਪੈਂਦੀ ਹੈ। ਤਪਦੀ ਦੁਪਹਿਰ ’ਚ ਕੰਮ ਕਰਨ ਲਈ ਮਜਬੂਰ ਹਨ, ਮਜ਼ਦੂਰਾਂ ਨੇ ਕਿਹਾ ਕਿ ਸਰਕਾਰ ਮਜ਼ਦੂਰ ਦਿਵਸ ਮਨਾਉਣ ਦੇ ਦਾਅਵੇ ਤਾਂ ਕਰਦੀ ਹੈ ਪਰ ਮਜ਼ਦੂਰਾਂ ਨੂੰ ਪੂਰਾ ਹੱਕ ਨਹੀਂ। ਇੱਥੇ ਜ਼ਿਕਰਯੋਗ ਹੈ ਕਿ ਸ਼ਿਕਾਗੋ ’ਚ ਮਜ਼ਦੂਰਾਂ ਵੱਲੋਂ ਸੰਘਰਸ਼ ਕਰਕੇ ਅੱਠ ਘੰਟੇ ਕੰਮ ਕਰਨ ਦਾ ਸ਼ਹੀਦੀਆਂ ਦੇ ਕੇ ਹੱਕ ਲਿਆ ਗਿਆ ਸੀ ਤੇ ਇਕ ਮਈ ਦਾ ਦਿਨ ਦੁਨੀਆਂ ਭਰ ਵਿਚ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਦੇ ਦਿਨ ਤਪਦੀ ਦੁਪਹਿਰ ਵਿਚ ਅੱਜ ਵੀ ਮਜ਼ਦੂਰ ਕੰਮ ਕਰ ਰਹੇ ਹਨ। ਮਜ਼ਦੂਰਾਂ ਨੇ ਕਿਹਾ ਕਿ ਅੱਜ ਵੀ ਮਜ਼ਦੂਰ ਸਵੇਰੇ 6 ਵਜੇ ਤੋਂ ਸ਼ਾਮ ਦੇ 8 ਵਜੇ ਤਕ ਕੰਮ ਕਰਦੇ ਹਨ ਅਤੇ ਮਜ਼ਦੂਰਾਂ ਤੋਂ 12, 13 ਘੰਟੇ ਕੰਮ ਲਿਆ ਜਾ ਰਿਹਾ ਪਰ ਮਜ਼ਦੂਰਾਂ ਨੂੰ ਫ਼ਿਰ ਵੀ ਉਨ੍ਹਾਂ ਦਾ ਹੱਕ ਨਹੀਂ ਮਿਲ ਰਿਹਾ। ਮਜ਼ਦੂਰ ਪਿਛਲੇ ਲੰਬੇ ਸਮੇਂ ਤੋਂ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਆਪਣੇ ਬੋਰੀ ਦੇ ਰੇਟ ’ਚ ਵਾਧਾ ਕਰਨ ਦੀ ਸਰਕਾਰਾਂ ਤੋਂ ਮੰਗ ਕਰ ਰਹੇ ਹਨ, ਪਰ ਸਰਕਾਰਾਂ ਵੱਲੋਂ ਹਰ ਵਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਅੱਜ ਵੀ ਬੇਸ਼ੱਕ ਮਜ਼ਦੂਰ ਦਿਵਸ ਤੇ ਸਰਕਾਰੀ ਅਫ਼ਸਰ ਛੁੱਟੀ ਤੇ ਹਨ, ਪਰ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਲਿਫ਼ਟਿੰਗ ਦਾ ਕੰਮ ਨਿਪਟਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਮਜ਼ਦੂਰਾਂ ਨੇ ਕਿਹਾ ਕਿ ਕਦੇ ਵੀ ਮਜ਼ਦੂਰ ਦਿਵਸ ਮੌਕੇ ਕਿਸੇ ਲੀਡਰ ਨੇ ਜਾਂ ਕਿਸੇ ਅਫ਼ਸਰ ਨੇ ਆ ਕੇ ਮਜ਼ਦੂਰਾਂ ਦੀ ਸਾਰ ਤੱਕ ਨਹੀਂ ਲਈ ਤੇ ਨਾ ਹੀ ਕਿਸੇ ਮਜ਼ਦੂਰ ਦੀ ਸਮੱਸਿਆ ਸੁਣੀ।