ਨੈਸ਼ਨਲ ਮੈਡਲ ਜੇਤੂ ਖਿਡਾਰੀ ਦੀ ਮੌਤ ਦਾ ਮਾਮਲਾ ਪੁੱਜੇਗਾ ਐੱਸਸੀ ਕਮਿਸ਼ਨ ਕੋਲ : ਨਕੱਈ
ਸ਼ਹਿਰ ਦੇ ਵਾਰਡ ਨੰ. 27 ਦੇ ਐੱਸ.ਸੀ ਪਰਿਵਾਰ
Publish Date: Wed, 13 May 2026 07:53 PM (IST)
Updated Date: Thu, 14 May 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨੈਸ਼ਨਲ ਮੈਡਲ ਜੇਤੂ ਖਿਡਾਰੀ ਦੀ ਨਸ਼ੇ ਨਾਲ ਹੋਈ ਮੌਤ ਦਾ ਮਾਮਲਾ ਭਖਦਾ ਜਾ ਰਿਹਾ ਹੈ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਸ਼ਹਿਰ ਦੇ ਵਾਰਡ ਨੰਬਰ. 27 ਦੇ ਐੱਸਸੀ ਪਰਿਵਾਰ ਦੇ ਨੌਜਵਾਨ ਬਾਕਸਿੰਗ ਖਿਡਾਰੀ ਨਵਦੀਪ ਸਿੰਘ (20 ਸਾਲਾ) ਪੁੱਤਰ ਜਸਪਾਲ ਸਿੰਘ ਦੀ ਨਸ਼ੇ ਨਾਲ ਹੋਈ ਮੌਤ ਦੇ ਬਾਅਦ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਤੇ ਉਨ੍ਹਾਂ ਇਸ ਮਾਮਲੇ ਨੂੰ ਐਸ.ਸੀ ਕਮਿਸ਼ਨ ਕੋਲ ਚੁੱਕਣ ਦਾ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ। ਭਾਜਪਾ ਆਗੂ ਨਕੱਈ ਨੇ ਕਿਹਾ ਕਿ ਨੈਸ਼ਨਲ ਮੈਡਲ ਜਿੱਤ ਚੁੱਕੇ ਖਿਡਾਰੀ ਦੀ ਨਸ਼ੇ ਨਾਲ ਮੌਤ ਹੋ ਜਾਣਾ ਕੋਈ ਆਮ ਗੱਲ ਨਹੀਂ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਂਟ ਚੜ੍ਹ ਰਹੀ ਹੈ। ਜਗਦੀਪ ਸਿੰਘ ਨਕੱਈ ਨਵਦੀਪ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਉਸ ਨੂੰ ਨਸ਼ਾ ਮੁਹੱਈਆ ਕਰਵਾਉਣ ਵਾਲੇ ਦੋਸ਼ੀਆਂ ਖਿਲਾਫ਼ ਉਨ੍ਹਾਂ ਨੂੰ ਸਜ਼ਾ ਦਿਵਾਉਣ ਤੇ ਪਰਿਵਾਰ ਨੂੰ ਸਰਕਾਰ ਕੋਲੋਂ ਸਹਾਇਤਾ ਦਿਵਾਉਣ ਦੀ ਵੀ ਪੈਰਵਾਈ ਕਰਨਗੇ। ਇਸ ਨੂੰ ਲੈ ਕੇ ਮ੍ਰਿਤਕ ਨੌਜਵਾਨ ਨਵਦੀਪ ਸਿੰਘ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਚਪਨ ਤੋਂ ਹੀ ਵੱਖ-ਵੱਖ ਖੇਡਾਂ ਨਾਲ ਜੁੜਿਆ ਹੋਇਆ ਸੀ। ਉਹ ਗਤਕਾ, ਬਾਕਸਿੰਗ ਤੋਂ ਇਲਾਵਾ ਹੋਰ ਵੀ ਅਨੇਕਾਂ ਖੇਡਾਂ ਖੇਡਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਆਗੂ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਇਸ ਨੂੰ ਲੈ ਕੇ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਉਹ ਸਰਕਾਰ ਕੋਲ ਪਰਿਵਾਰ ਲਈ ਸਰਕਾਰੀ ਨੌਕਰੀ ਦੀ ਮੰਗ ਕਰਨਗੇ ਅਤੇ ਐੱਸ.ਸੀ ਕਾਸਟ ਅਧੀਨ ਜੋ ਵੀ ਇਨ੍ਹਾਂ ਦੇ ਬਣਦਾ ਹੱਕ ਹੋਵੇਗਾ। ਉਹ ਪਰਿਵਾਰ ਨੂੰ ਦਿਵਾਇਆ ਜਾਵੇ ਅਤੇ ਖਿਡਾਰੀ ਨੂੰ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਕਾਨੂੰਨ ਅਧੀਨ ਬਣਦੀ ਸਖਤ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸੂਬਾ ਜਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਉਸ ਤੇ ਸਾਨੂੰ ਚਿੰਤਾ ਕਰਨ ਦੀ ਲੋੜ ਹੈ।ਨੈਸ਼ਨਲ ਲੈਵਲ ਦੇ ਖਿਡਾਰੀ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ, ਪਰੰਤੂ “ਆਪ” ਸਰਕਾਰ ਆਪਣੀਆਂ ਇਸ਼ਤਿਹਾਰਬਾਜੀਆਂ ‘ਤੇ ਹੀ ਜ਼ੋਰ ਲਗਾ ਰਹੀ ਹੈ ਅਤੇ ਉਸ ਦੇ ਪੰਜਾਬ ਦੇ ਹਾਲਾਤਾਂ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੀ ਅੱਜ ਖੁਦ ਨੂੰ ਪੰਜਾਬ ਵਿੱਚ ਅਸੁਰੱਖਿਤ ਮਹਿਸੂਸ ਕਰਨ ਲੱਗੇ ਹਨ। ਇਸ ਮੌਕੇ ਓਮਕਾਰ ਸੋਢੀ, ਵਿਕਾਸ ਕੁਮਾਰ, ਰਵੀ ਕੁਮਾਰ, ਵਿਕੂ ਕੁਮਾਰ, ਜੀਵਨ ਕੁਮਾਰ, ਬਿੱਕਰ ਸਿੰਘ ਮੰਘਾਣੀਆਂ, ਮਨਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਮੌਜੂਦ ਸਨ।