ਮੰਡੀਆਂ 'ਚ ਰੁਲੀ ਕਣਕ, ਖਰੀਦ ਦਾ ਅਜੇ ਤੱਕ ਪਤਾ ਨਹੀਂ! ਬੀਕੇਯੂ ਉਗਰਾਹਾਂ ਨੇ ਡੀਸੀ ਕੋਲ ਚੁੱਕਿਆ ਪੇਂਡੂ ਮੰਡੀਆਂ ਦਾ ਮੁੱਦਾ
ਜਿੱਥੇ ਇੱਕ ਪਾਸੇ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ ਲਗਭਗ 15 ਦਿਨ ਬੀਤ ਚੁੱਕੇ ਹਨ, ਉੱਥੇ ਹੀ ਬਠਿੰਡਾ ਜ਼ਿਲ੍ਹੇ ਦੀ ਝੂੰਬਾ ਦਾਣਾ ਮੰਡੀ ਵਿੱਚ ਅਜੇ ਤਕ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਹੋਈ। ਇਸ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Publish Date: Sat, 18 Apr 2026 12:28 PM (IST)
Updated Date: Sat, 18 Apr 2026 12:29 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ- ਜਿੱਥੇ ਇੱਕ ਪਾਸੇ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ ਲਗਭਗ 15 ਦਿਨ ਬੀਤ ਚੁੱਕੇ ਹਨ, ਉੱਥੇ ਹੀ ਬਠਿੰਡਾ ਜ਼ਿਲ੍ਹੇ ਦੀ ਝੂੰਬਾ ਦਾਣਾ ਮੰਡੀ ਵਿੱਚ ਅਜੇ ਤਕ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਹੋਈ। ਇਸ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਸੀਰ ਸਿੰਘ ਝੂੰਬਾ ਨੇ ਦੱਸਿਆ ਕਿ ਝੂੰਬਾ ਪਿੰਡ ਤੋਂ ਇਲਾਵਾ ਤਿਓਣਾ ਅਤੇ ਹੋਰ ਨੇੜਲੇ ਪਿੰਡਾਂ ਦੇ ਕਿਸਾਨ ਵੀ ਆਪਣੀ ਫਸਲ ਮੰਡੀ ਵਿੱਚ ਲਿਆ ਕੇ ਬੈਠੇ ਹਨ, ਪਰ ਅਜੇ ਤਕ ਇਕ ਵੀ ਦਾਣਾ ਕਣਕ ਦਾ ਨਹੀਂ ਖਰੀਦਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਵਿੱਚ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮੌਸਮ ਦੇ ਬਦਲਾਅ ਕਾਰਨ ਕਣਕ ਦੀ ਗੁਣਵੱਤਾ ‘ਤੇ ਵੀ ਅਸਰ ਪੈ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਪ੍ਰਸ਼ਾਸਨ ‘ਤੇ ਆਉਂਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੰਡੀਆਂ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਵੀ ਘਾਟ ਹੈ।
ਪੀਣ ਵਾਲੇ ਪਾਣੀ, ਬੈਠਣ ਦੀ ਵਿਵਸਥਾ ਅਤੇ ਸਫਾਈ ਦੇ ਪ੍ਰਬੰਧ ਢਿੱਲੇ ਹਨ, ਜਿਸ ਕਾਰਨ ਕਿਸਾਨਾਂ ਨੂੰ ਹੋਰ ਵੀ ਦਿਕ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਖਰੀਦ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਮੰਡੀਆਂ ਵਿੱਚ ਲਾਜ਼ਮੀ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ। ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਅਜਿਹੇ ਵਿੱਚ ਖਰੀਦ ਵਿੱਚ ਦੇਰੀ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀ ਹੈ। ਦੂਜੇ ਪਾਸੇ ਮੰਡੀ ਨਾਲ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ । ਉਨ੍ਹਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੀਆਂ ਵਿਵਸਥਾਵਾਂ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ। ਫਿਲਹਾਲ ਝੂੰਬਾ ਅਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨ ਖਰੀਦ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਜੇਕਰ ਹਾਲਾਤ ਜਲਦੀ ਸੁਧਰੇ ਨਾ ਤਾਂ ਇਹ ਮਾਮਲਾ ਵੱਡੇ ਕਿਸਾਨ ਅੰਦੋਲਨ ਦਾ ਰੂਪ ਵੀ ਧਾਰ ਸਕਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਦਾਣਾ ਮੰਡੀ ਫਸਲ ਨਾਲ ਪੂਰੀ ਭਰ ਗਈ ਅਤੇ ਫਸਲ ਸੁੱਟਣ ਲਈ ਜਗ੍ਹਾ ਨਹੀਂ ਹੈ।
ਅੱਜ ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਅਤੇ ਜਗਸੀਰ ਸਿੰਘ ਝੁੰਬਾ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕੀਤੀ ਗਈ। ਵੀਰਵਾਰ ਨੂੰ ਬੀਕੇਯੂ ਉਗਰਾਹਾਂ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਲਈ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਸੀ। ਡੀਸੀ ਨਾਲ ਮੀਟਿੰਗ ਦੌਰਾਨ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਡਿਪਟੀ ਕਮਿਸ਼ਨਰ ਅੱਗੇ ਰੱਖੀਆਂ। ਕਿਸਾਨ ਆਗੂਆਂ ਨੇ ਡੀਸੀ ਨੂੰ ਦੱਸਿਆ ਕਿ ਕਈ ਪੇਡੂ ਖਰੀਦ ਕੇਂਦਰਾਂ ਵਿਚ ਕਣਕ ਦੀ ਖਰੀਤ ਸ਼ੁਰੂ ਨਹੀਂ ਹੋਈ। ਲਡਿਪਟੀ ਕਮਿਸ਼ਨਰ ਵੱਲੋਂ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਦੇ ਹੱਲ ਲਈ ਜ਼ਰੂਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।