ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ

-ਕੁਲਵੰਤ ਰਾਏ ਸਿੰਗਲਾ ਅਨੁਸਾਰ ਭਾਰੀ ਬਹੁਮੱਤ ਨਾਲ ਜਿੱਤਾਂਗੇ ਚੋਣ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਵੱਲੋਂ ਸਰਗਰਮੀਆਂ ਵਧਾਈਆਂ ਗਈਆਂ ਹਨ। ਇਸ ਦੇ ਸਬੰਧ ‘ਚ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ, ਵਰਕਰਾਂ ਅਤੇ ਵੱਖ-ਵੱਖ ਵਾਰਡਾਂ ਨਾਲ ਸਬੰਧਿਤ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਪਾਰਟੀ ਦੀ ਰਣਨੀਤੀ, ਉਮੀਦਵਾਰਾਂ ਦੀ ਚੋਣ ਅਤੇ ਮੈਦਾਨੀ ਪੱਧਰ ‘ਤੇ ਮਜ਼ਬੂਤੀ ਬਣਾਉਣ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਹਰ ਵਾਰਡ ਵਿੱਚ ਮਜ਼ਬੂਤ ਤੇ ਲੋਕਪ੍ਰਿਯ ਉਮੀਦਵਾਰ ਖੜ੍ਹੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਾਰ ਵਫ਼ਾਦਾਰ ਲੋਕਾਂ ਲਈ ਹਰ ਸਮੇ ਹਾਜ਼ਰ ਉਮੀਦਵਾਰਾਂ ਦੀ ਚੋਣ ਲਈ ਵਿਸ਼ੇਸ਼ ਮਾਪਦੰਡ ਤੈਅ ਕੀਤੇ ਜਾਣਗੇ ਤਾਂ ਜੋ ਕੇਵਲ ਉਹੀ ਉਮੀਦਵਾਰ ਚੁਣੇ ਜਾਣ ਜੋ ਲੋਕਾਂ ਵਿੱਚ ਪਕੜ ਰੱਖਦੇ ਹੋਣ ਤੇ ਜਿੱਤ ਨੂੰ ਯਕੀਨੀ ਬਣਾ ਸਕਣ। ਪਾਰਟੀ ਵੱਲੋਂ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਹਰ ਇੱਕ ਅਰਜ਼ੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਉਮੀਦਵਾਰ ਦੀ ਚੋਣ ਕਰਦਿਆਂ ਉਸਦੀ ਲੋਕਪ੍ਰਿਅਤਾ, ਪਿਛਲੇ ਸਮੇਂ ਦੀ ਕਾਰਗੁਜ਼ਾਰੀ, ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਸਮਾਜਿਕ ਸੇਵਾ ਨੂੰ ਮੱਖ ਰੱਖਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਜਾਂ ਦਬਾਅ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ, ਸਗੋਂ ਯੋਗਤਾ ਦੇ ਆਧਾਰ ‘ਤੇ ਟਿਕਟਾਂ ਦਿੱਤੀਆਂ ਜਾਣਗੀਆਂ। ਕੁਲਵੰਤ ਰਾਏ ਸਿੰਗਲਾ ਨੇ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਨਗਰ ਕੌਂਸਿਲ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਕਾਂਗਰਸ ਪ੍ਰਤੀ ਭਰੋਸਾ ਵਧ ਰਿਹਾ ਹੈ ਤੇ ਹੋਰ ਸਿਆਸੀ ਪਾਰਟੀਆਂ ਪ੍ਰਤੀ ਨਾਰਾਜ਼ਗੀ ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਨਸਾ ਵਿੱਚ ਕਾਂਗਰਸ ਦੀ ਜੜ੍ਹਾਂ ਮਜ਼ਬੂਤ ਹਨ ਅਤੇ ਵਰਕਰ ਪੂਰੀ ਤਾਕਤ ਨਾਲ ਚੋਣ ਮੈਦਾਨ ਵਿੱਚ ਉਤਰਣ ਲਈ ਤਿਆਰ ਹਨ। ਮੀਟਿੰਗ ਦੌਰਾਨ ਹੋਰ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪਾਰਟੀ ਨੂੰ ਜਿੱਤ ਦਿਵਾਉਣ ਲਈ ਏਕਤਾ ਅਤੇ ਸੰਘਰਸ਼ ਦੀ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਹਰ ਵਰਕਰ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਮੈਦਾਨ ਵਿੱਚ ਉਤਰਨਾ ਪਵੇਗਾ ਅਤੇ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਉਪਲੱਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਪਵੇਗਾ। ਮੀਟਿੰਗ ਦੇ ਅੰਤ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਭਵਿੱਖ ’ਚ ਹਰ ਵਾਰਡ ਵਿੱਚ ਛੋਟੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਪਾਰਟੀ ਦੇ ਵਰਕਰਾਂ ਨੂੰ ਹੁਣ ਤੋਂ ਹੀ ਚੋਣ ਪ੍ਰਚਾਰ ਲਈ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ। ਕੁੱਲ ਮਿਲਾ ਕੇ, ਅੱਜ ਦੀ ਮੀਟਿੰਗ ਨੇ ਸਪੱਸ਼ਟ ਕਰ ਦਿੱਤਾ ਕਿ ਕਾਂਗਰਸ ਪਾਰਟੀ ਨਗਰ ਕੌਂਸਿਲ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਜੱਗ ਹੈ ਅਤੇ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਆਪਣੇ ਦਾਅਵਿਆਂ ‘ਤੇ ਕਿੰਨੀ ਖਰੀ ਉਤਰਦੀ ਹੈ ਤੇ ਮੈਦਾਨ ਵਿੱਚ ਕਿੰਨਾ ਪ੍ਰਭਾਵ ਛੱਡਦੀ ਹੈ। ਇਸ ਮੌਕੇ ਅਰਸ਼ਦੀਪ ਮਾਈਕਲ ਗਗੋਵਾਲ, ਗੁਰਪ੍ਰੀਤ ਵਿੱਕੀ, ਸੁਰੇਸ਼ ਨੰਦਗੜ੍ਹ, ਮਨਦੀਪ ਗੋਰਾ ਅਤੇ ਹੋਰਾਂ ਨੇ ਵੀ ਆਪਣੇ ਆਪਣੇ ਸੁਝਾਅ ਦਿੱਤੇ। ਇਸ ਮੌਕੇ ਬਲਵਿੰਦਰ ਨਾਰੰਗ, ਮਨਜੀਤ ਸਿੰਘ ਰਾਣਾ, ਪਿਰਤਪਾਲ ਡਾਲੀ, ਚੰਦਰਸ਼ੇਖਰ ਨੰਦੀ, ਗੋਲਾ ਲਾਲ, ਐਮਸੀ ਸੁਦਰਸ਼ਨ ਸਿੰਘ ਖਾਰਾ, ਹਰਵਿੰਦਰ ਭਾਰਦਵਾਜ, ਪ੍ਰਿੰਸੀਪਲ ਸਤਪਾਲ ਮੂਲੇਵਾਲਾ, ਨੇਮ ਸਿਟੀ ਪ੍ਰਧਾਨ ਨੇਮ ਚੰਦ ਚੌਧਰੀ, ਜਗਦੇਵ ਸਿੰਘ ਵਾਰਡ ਨੰਬਰ ਇੱਕ, ਹਰਵਿੰਦਰ ਸਵੀਟੀ ਬੁਢਲਾਡਾ, ਨਵੀਨ ਕਾਲਾ ਬੋਹਾ, ਹਾਜ਼ਰ ਸਨ।