ਵਾਰਡ-13 ਤੋਂ ਕਿਰਨਾ ਰਾਣੀ ਨੇ ਕਾਗਜ਼ ਕੀਤੇ ਦਾਖ਼ਲ
ਵਾਰਡ ਨੰਬਰ. 13 ਤੋਂ ਸਰਬ
Publish Date: Fri, 15 May 2026 06:00 PM (IST)
Updated Date: Sat, 16 May 2026 04:06 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਦੇ ਚਰਚਿਤ ਵਾਰਡ ਨੰਬਰ. 13 ਤੋਂ ਸਰਬਸਾਂਝੇ ਉਮੀਦਵਾਰ ਕਿਰਨਾ ਰਾਣੀ ਨੇ ਕਾਫ਼ਲੇ ਸਮੇਤ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸਾਬਕਾ ਪ੍ਰਧਾਨ ਕਾਂਗਰਸ ਅਰਸ਼ਦੀਪ ਸਿੰਘ ਗਾਗੋਵਾਲ, ਸਾਬਕਾ ਕੌਂਸਲਰ ਗੁਰਪ੍ਰੀਤ ਸਿੱਧੂ, ਸਾਬਕਾ ਵਾਈਸ ਪ੍ਰਧਾਨ ਜਤਿੰਦਰ ਆਗਰਾ ਅਤੇ ਉੱਘੇ ਕਾਂਗਰਸੀ ਆਗੂ ਬੀਰਇੰਦਰ ਸਿੰਘ ਧਾਲੀਵਾਲ ਨੇ ਵੀ ਵਿਸ਼ੇਸ ਤੌਰ ‘ਤੇ ਸ਼ਮੂਲੀਅਤ ਕੀਤੀ। ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਇਸ ਮੌਕੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਸਮਾਜਸੇਵਾ ਕਰ ਰਹੇ ਚੌਹਾਨ ਪਰਿਵਾਰ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਅਤੇ ਹਰ ਸਮੇਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਅੱਗੇ ਹੋ ਕੇ ਅਗਵਾਈ ਕਰਦੇ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸੀਵਰੇਜ਼, ਕੂੜਾ ਡੰਪ, ਰੇਲਵੇ ਪੁਲੀ ਆਦਿ ਮੁੱਦਿਆਂ ’ਤੇ ਇਹ ਪਰਿਵਾਰ ਦੀ ਪੂਰੀ ਸਰਗਰਮੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਮੇਂ ਸੀਪੀਆਈ, ਸੀਪੀਆਈਐੱਮ ਤੇ ਕਾਂਗਰਸ ਦੇ ਸਮੱਰਥਨ ਦੇ ਨਾਲ ਚੋਣ ਲੜ ਰਹੇ ਹਨ, ਜਦੋਂਕਿ ਧਾਰਮਿਕ ਸਮਾਜਿਕ , ਵਪਾਰਕ ਅਤੇ ਜਨਤਕ ਅਦਾਰਿਆਂ ਵੱਲੋਂ ਇੰਨ੍ਹਾਂ ਦੀ ਕਾਮਯਾਬੀ ਲਈ ਪੂਰੀ ਤਰ੍ਹਾਂ ਹਮਾਇਤ ਕੀਤੀ ਜਾ ਰਹੀ ਹੈ। ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਮਾਨਸਾ ਕਾਂਗਰਸ ਵੱਲੋਂ ਵਾਡਰ ਨੰਬਰ. 13 ਵਿੱਚ ਖੁੱਲ੍ਹੇ ਰੂਪ ਵਿੱਚ ਸਮੱਰਥਨ ਕੀਤਾ ਗਿਆ ਹੈ। ਉਨ੍ਹਾਂ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੌਹਾਨ ਪਰਿਵਾਰ ਦੀ ਜਿੱਤ ਸਮੁੱਚੀ ਕਾਂਗਰਸ ਅਤੇ ਸ਼ਹਿਰ ਦੇ ਵਿਕਾਸ ਦੀ ਹੋਵੇਗੀ। ਇਸ ਮੌਕੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ, ਜਤਿੰਦਰ ਆਗਰਾ ਸਾਬਕਾ ਕੌਂਸਲਰ ਅਤੇ ਬੀਰਇੰਦਰ ਧਾਲੀਵਾਲ ਨੇ ਕਿਹਾ ਕਿ ਵਿਅਕਤੀਗਤ ਤੌਰ ’ਤੇ ਚੌਹਾਨ ਪਰਿਵਾਰ ਸਾਰੀਆਂ ਪਾਰਟੀਆਂ ਅਤੇ ਸਾਰੀਆਂ ਸੰਸਥਾਵਾਂ ਵੱਲੋਂ ਸਮੱਰਥਨ ਕੀਤਾ ਜਾ ਰਿਹਾ ਹੈ, ਜੋ ਕਿ ਸ਼ਹਿਰ ਅਤੇ ਵਾਰਡ ਦੇ ਭਵਿੱਖ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਰਨਾ ਰਾਣੀ ਪਤਨੀ ਕ੍ਰਿਸ਼ਨ ਚੌਹਾਨ ਦੀ ਕਾਮਯਾਬੀ ਲਈ ਪਾਰਟੀ ਹਿੱਤਾਂ ਤੋਂ ਉਪਰ ਉੱਠ ਕੇ ਵੋਟ ਦੀ ਅਪੀਲ ਕੀਤੀ। ਸੀਪੀਆਈ ਜ਼ਿਲ੍ਹਾ ਕ੍ਰਿਸ਼ਨ ਚੌਹਾਨ ਨੇ ਇਸ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ।