ਉਮੀਦਵਾਰਾਂ ਤੇ ਹਮਾਇਤੀਆਂ ਨੇ ਵੋਟਰਾਂ ਤੱਕ ਪੁੱਜਣ ਲਈ ਫੜੀ ਰਫ਼ਤਾਰ
ਵਾਰਡ ਨੰਬਰ. 2 ਵਿੱਚ ।
Publish Date: Sun, 24 May 2026 07:08 PM (IST)
Updated Date: Mon, 25 May 2026 04:11 AM (IST)
-ਨਗਰ ਕੌਂਸਲ ਅਤੇ ਨਗਰ ਪੰਚਾਇਤ ਸਬੰਧੀ ਚੋਣ ਪ੍ਰਚਾਰ ਸ਼ਾਮ ਨੂੰ ਹੋਇਆ ਬੰਦ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਨਗਰ ਪੰਚਾਇਤ ਜੋਗਾ ਤੇ ਬੋਹਾ ਦੀਆਂ ਚੋਣਾਂ ਦਾ ਚੋਣ ਪ੍ਰਚਾਰ ਐਤਵਾਰ ਸ਼ਾਮ ਪੰਜ ਵਜੇ ਬੰਦ ਹੋ ਗਿਆ। ਇੱਥੇ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਲਗਾਤਾਰ ਉਮੀਦਵਾਰ ਅਤੇ ਸਮੱਰਥਕ ਜਿੱਤਣ ਲਈ ਆਪਣੀ ਆਪਣੀ ਵਾਹ ਲਗਾ ਰਹੇ ਹਨ ਅਤੇ ਅੱਜ ਸ਼ਾਮ ਨੂੰ ਪੰਜ ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਪਰ ਐਤਵਾਰ ਨੂੰ ਸਵੇਰ ਤੋਂ ਹੀ ਚੋਣ ਪ੍ਰਚਾਰ ਲਈ ਉਮੀਦਵਾਰਾਂ ਨੇ ਆਪਣੇ ਸਮੱਰਥਕਾਂ ਨੂੰ ਲੈ ਕੇ ਵੋਟਰਾਂ ਤੱਕ ਪਹੁੰਚ ਕਰਨ ਦੀ ਰਫ਼ਤਾਰ ਤੇਜ਼ ਕੀਤੀ ਹੋਈ ਸੀ। ਲਗਾਤਾਰ ਸਾਰੇ ਵਾਰਡਾਂ ਵਿੱਚ ਵੋਟਰਾਂ ਤੱਕ ਉਮੀਦਵਾਰ ਆਪਣੇ ਸਮੱਰਥਕਾਂ ਨੂੰ ਲੈ ਕੇ ਜਿੱਥੇ ਪਹੁੰਚ ਕਰ ਰਹੇ ਸਨ, ਉਥੇ ਹੀ ਦੂਜੇ ਪਾਸੇ ਆਪਣੇ ਰਹਿ ਗਏ ਕੰਮਾਂ ਨੂੰ ਉਮੀਦਵਾਰਾਂ ਦੇ ਸਮੱਰਥਕ ਸਿਰੇ ਚਾੜ੍ਹਨ ’ਤੇ ਲੱਗੇ ਹੋਏ ਸਨ।
ਭਾਵੇਂਕਿ ਗਰਮੀ ਲਗਾਤਾਰ ਵਰ੍ਹ ਰਹੀ ਸੀ , ਪਰ ਸਮੱਰਥਕ ਲਗਾਤਾਰ ਉਮੀਦਵਾਰਾਂ ਨਾਲ ਜੁੱਟੇ ਹੋਏ ਸਨ ਅਤੇ ਹਰ ਗਲੀ ‘ ਚ ਘਰਾਂ ਤੱਕ ਪਹੁੰਚ ਰਹੇ ਸਨ। ਵਾਰਡ ਨੰਬਰ. 2 ‘ਚ ਸਾਰੇ ਉਮੀਦਵਾਰ ਆਪਣੇ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਦੇ ਦਿਖੇ। ਇਸ ਦੌਰਾਨ ਅਕਾਲੀ ਦਲ ਹਰਬੰਸ ਸਿੰਘ ਪੰਮੀ ਦੇ ਸਮੱਰਥਕਾਂ ਦਾ ਆਖਣਾ ਸੀ ਕਿ ਉਨ੍ਹਾਂ ਵੱਲੋਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਵੋਟਾਂ ਦੀ ਅਪੀਲ ਵੋਟਰਾਂ ਨੂੰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਉਮੀਦਵਾਰ ਜਿੱਤਣ ’ਤੇ ਵਾਰਡ ਦੇ ਸਾਰੇ ਕੰਮ ਕਰਵਾਏ ਜਾਣਗੇ। ਉਧਰ ਵਧੀਕ ਜਿਲ੍ਹਾ ਮੈਜਿਸਟ੍ਰੇਟ ਮਾਨਸਾ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਜੋਗਾ ਤੇ ਬੋਹਾ ਦੀ ਹਦੂਦ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਬਾਹਰੋਂ ਆਏ ਰਾਜਨੀਤਿਕ ਪਾਰਟੀਆਂ ਦੇ ਵਿਅਕਤੀਆਂ ਨੂੰ ਹਦਾਇਤ ਪਹਿਲਾਂ ਹੀ ਕਰ ਦਿੱਤੀ ਸੀ ਕਿ ਉਹ 24 ਮਈ 2026 ਨੂੰ ਸ਼ਾਮ 05 ਵਜੇ ਤੋਂ ਬਾਅਦ ਵਾਪਿਸ ਚਲੇ ਜਾਣ ਅਤੇ ਚੋਣ ਪ੍ਰਚਾਰ 24 ਮਈ 2026 ਨੂੰ ਸ਼ਾਮ 05 ਵਜੇ ਤੋਂ ਬੰਦ ਹੋ ਜਾਵੇਗਾ।