ਮਾਨਸਾ ਸ਼ਹਿਰ ਅਤੇ ਆਲੇ ਦੁਆਲੇ ਦੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਤੇ ਆਲੇ ਦੁਆਲੇ ਦੇ ਸਮਾਜ ਸੇਵੀਆਂ ਵੱਲੋਂ ਬਣਾਈ ਗਈ ਸੰਸਥਾ ਵੁਆਇਸ ਆਫ਼ ਮਾਨਸਾ ਵੱਲੋਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਚੰਗੇ ਉਮੀਦਵਾਰ ਚੁਣਨ ਲਈ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਪ੍ਰਤੀ ਚੰਗੀ ਸੋਚ ਰੱਖਣ ਵਾਲੇ ਨਾਗਰਿਕਾਂ ਨੂੰ ਇਕ ਪਲੇਟਫ਼ਾਰਮ ਤੇ ਇਕੱਠੇ ਹੋ ਚੰਗੇ ਉਮੀਦਵਾਰਾਂ ਨੂੰ ਚੁਣਨ ਲਈ ਲਾਮਬੰਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਸੰਸਥਾ ਦੀ ਜਰਨਲ ਹਾਉਸ ਦੀ ਮੀਟਿੰਗ ਹੋਈ। ਇਸ ਵਿਚ ਡਾ. ਸਿੰਗਲਾ ਨੇ ਕਿਹਾ ਕਿ ਸ਼ਹਿਰ ਨਾਲ ਸਬੰਧਤ ਮੁੱਖ ਸਮੱਸਿਆਵਾਂ ਜਿਵੇਂ ਸਾਫ਼ ਪਾਣੀ ਦੀ ਸਪਲਾਈ, ਸੀਵਰੇਜ਼ ਦੀ ਨਿਕਾਸੀ ਜਾਂ ਪੂਰਨ ਰੂਪ ਵਿਚ ਸਫ਼ਾਈ ਨਾ ਹੋਣਾ ਆਦਿ ਲਈ ਮੁੱਖ ਤੌਰ ’ਤੇ ਸ਼ਹਿਰ ਦਾ ਸਥਾਨਕ ਪ੍ਰਸ਼ਾਸਨ ਦੇ ਤੌਰ ਤੇ ਨਗਰ ਕੌਂਸਲ ਹੀ ਜ਼ਿੰਮੇਵਾਰ ਹੁੰਦੀ ਹੈ। ਪਰ ਬੀਤੇ ਕਈ ਵਰ੍ਹਿਆਂ ਤੋਂ ਮਾਨਸਾ ਸ਼ਹਿਰ ਦੀਆਂ ਇਹ ਸਮੱਸਿਆਵਾਂ ਦਰਪੇਸ਼ ਰੂਪ ਧਾਰਨ ਕਰ ਗਈਆਂ ਹਨ। ਮਾਨਸਾ ਦੇ ਲੋਕ ਇੰਨ੍ਹਾਂ ਦੇ ਹੱਲ ਲਈ ਧਰਨੇ ਪ੍ਰਦਰਸ਼ਨ ਆਦਿ ਕਰਕੇ ਵੀ ਥੱਕ ਚੁੱਕੇ ਹਨ। ਹੁਣ ਲੋਕ ਇੰਨ੍ਹਾਂ ਸਮੱਸਿਆਵਾਂ ਤੋਂ ਪੱਕਾ ਹੱਲ ਚਾਹੁੰਦੇ ਹਨ, ਜਿਸ ਦਾ ਹੁਣ ਢੁੱਕਵਾਂ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਰਾਹੀਂ ਅਸੀਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਆਪੋ ਆਪਣੇ ਵਾਰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਯੋਗ ਉਮੀਦਵਾਰਾਂ ਨੂੰ ਜਿਤਾਇਆ ਜਾਵੇ।
ਇਸ ਬਾਰੇ ਹੋਰ ਵਿਸਥਾਰ ਵਿਚ ਗੱਲ ਕਰਦਿਆਂ ਸੰਸਥਾ ਦੇ ਮੀਤ ਪ੍ਰਧਾਨ ਅਤੇ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਵਾਰਡ ਵਾਸੀਆਂ ਨੂੰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਯੋਗ ਅਤੇ ਸਾਫ਼ ਛਵੀ ਵਾਲੇ ਉਮੀਦਵਾਰਾਂ ਨੂੰ ਸਿਆਸੀ ਹਿੱਤਾਂ ਤੋਂ ਉਪਰ ਉਠਦੇ ਹੋਏ ਅੱਗੇ ਲਿਆਉਣਾ ਚਾਹੀਦਾ ਹੈ। ਬਿਨਾਂ ਕਿਸੇ ਲਾਲਚ ਦੇ ਅਜਿਹੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਥ ਦੇਣਾ ਚਾਹੀਦਾ ਹੈ, ਜੋ ਪਹਿਲਾਂ ਤੋਂ ਹੀ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੇ ਹੋਣ। ਉਨ੍ਹਾਂ ਕਿਹਾ ਕਿ ਜਨਤਕ ਰੂਪ ਵਿਚ ਪ੍ਰਵਾਨਿਤ ਉਮੀਦਵਾਰਾਂ ਨੂੰ ਬੇਲੋੜੀਂਦੇ ਖਰਚੇ ਤੋਂ ਪ੍ਰਹੇਜ਼ ਕਰਦੇ ਹੋਏ ਲੋਕ ਆਵਾਜ਼ ਬਣ ਕੇ ਆਪਣੇ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਇੰਨ੍ਹਾਂ ਚੋਣਾਂ ਵਿਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਅਤੇ ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਹੁਣ ਹੀ ਢੁੱਕਵਾਂ ਸਮਾਂ ਹੈ ਜਦ ਲੋਕਤੰਤਰ ਦੇ ਤਹਿਤ ਲੋਕ ਆਪੋ ਆਪਣੇ ਇਲਾਕੇ ਵਿਚੋਂ ਵਧੀਆ ਉਮੀਦਵਾਰ ਜਿਤਾਉਣ ਲਈ ਅੱਗੇ ਆਉਣ ਤਾਂ ਜੋ ਚੰਗੀ ਨਗਰ ਕੌਂਸਲ ਦੀ ਨੀਂਹ ਰੱਖਦੇ ਹੋਏ ਵਾਰ ਵਾਰ ਟੁੱਟਦੀਆਂ ਸੜਕਾਂ ਅਤੇ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲ ਸਕੇ। ਸੰਸਥਾ ਦੇ ਪ੍ਰੋਜੈਕਟ ਡਾਇਰੈਕਟਰ ਲਖਵਿੰਦਰ ਸਿੰਘ ਮੂਸਾ ਨੇ ਕਿਹਾ ਕਿ ਸ਼ਹਿਰ ਵਿਚ ਵੱਖ ਵੱਖ ਸਰਕਾਰਾਂ ਵਲੋਂ ਬਹੁਤ ਰੁਪਏ ਖਰਚੇ ਗਏ ਹਨ, ਪਰ ਜੇਕਰ ਸ਼ਹਿਰ ਦੇ ਲੋਕ ਜਾਗਰੂਕ ਹੋ ਜਾਣ ਤਾਂ ਇਹੋ ਰਕਮਾਂ ਹੋਰ ਵਧੀਆ ਤਰੀਕੇ ਨਾਲ ਲਗਾਉਣ ਦਾ ਉਪਰਾਲਾ ਹੈ ਕਿ ਸ਼ਹਿਰ ਦੀ ਦਿੱਖ ਚੰਗੀ ਬਣਾਈ ਜਾ ਸਕਦੀ ਹੈ। ਆਈਐਮਏ ਮਾਨਸਾ ਦੇ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੱਧੂ ਨੇ ਕਿਹਾ ਕਿ ਜੇਕਰ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ ਤਾਂ ਸ਼ਹਿਰ ਵਾਸੀ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਬਚ ਸਕਦੇ ਹਨ। ਹੁਣ ਸਭ ਲਈ ਇਕ ਮੌਕਾ ਹੈ, ਜਿਸਦਾ ਸਭ ਨੂੰ ਫ਼ਾਇਦਾ ਉਠਾਉਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਮੈਂਬਰਾਂ ਸਾਬਕਾ ਬਾਰ ਕੌਂਸਲ ਪ੍ਰਧਾਨ ਐਡਵੋਕੇਟ ਨਵਲ ਗੋਇਲ, ਸਨਾਤਨ ਧਰਨ ਸਭਾ ਆਗੂ ਰੁਲਦੂ ਰਾਮ ਨੰਦਗੜੀਆ, ਅਧਿਆਪਕ ਆਗੂ ਹਰਦੀਪ ਸਿੱਧੂ, ਸਰਬਜੀਤ ਕੌਸ਼ਲ, ਬਲਰਾਜ ਨੰਗਲ, ਹਰਜੀਵਨ ਸਰਾਂ, ਨਰਿੰਦਰ ਸ਼ਰਮਾਂ, ਜਗਸੀਰ ਸਿੰਘ ਢਿਲੋਂ, ਵੱਲੋਂ ਇਸ ਗੱਲ ਤੇ ਵੀ ਸਹਿਮਤੀ ਪ੍ਰਗਟਾਈ ਕਿ ਸ਼ਹਿਰ ਦੀਆਂ ਹੋਰ ਸਮਾਜਿਕ, ਸਿਆਸੀ ਅਤੇ ਧਾਰਮਿਕ ਜੱਥੇਬੰਦੀਆਂ ਨਾਲ ਮਿਲ ਕੇ ਜੇਕਰ ਕੋਈ ਸਾਂਝ ਪਲੇਟਫਾਰਮ ਬਣਾ ਕੇ ਸਰਬਸੰਮਤੀ ਨਾਲ ਕੁਝ ਕੌਂਸਲਰ ਚੁਣੇ ਜਾ ਸਕਦੇ ਹੋਣ ਤਾਂ ਸਾਰੇ ਮੈਂਬਰ ਇਸ ਪਹਿਲਕਦਮੀ ਲਈ ਲੋਕ ਲਹਿਰ ਬੁਣਾਉਣ ਲਈ ਪੁਰਜ਼ੋਰ ਕੋਸ਼ਿਸ ਕਰਨਗੇ।ਇਸ ਮੌਕੇ ਸ਼ਹਿਰ ਦੀ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਜਤਿੰਦਰ ਆਗਰਾ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਜਾ ਕੇ ਜਨ ਜਾਗ੍ਰਿਤੀ ਲਈ ਕੈਂਪ ਲਗਾਏ ਜਾਣ ਦਾ ਵਿਚਾਰ ਪੇਸ਼ ਕੀਤਾ, ਜਿਸ ਉਪਰ ਰੋਟੇਰੀਅਨ ਪ੍ਰੇਮ ਅੱਗਰਵਾਲ, ਜਗਦੀਸ਼ ਜੋਗਾ, ਸ਼ੰਭੂ ਨਾਥ, ਦਰਸ਼ਨਪਾਲ ਗਰਗ ਹੋਰ ਬਹੁਤ ਸਾਰੇ ਮੈਂਬਰਾਂ ਨੇ ਵੀ ਸਹਿਮਤੀ ਜਿਤਾਈ।