ਸਮਾਜਿਕ ਸੰਸਥਾ ਵੁਆਈਸ ਆਫ ਮਾਨਸਾ ਵੱਲੋਂ

-ਸ਼ਾ ਤੇ ਪੈਸੇ ਵੰਡ ਕੇ ਵੋਟਾਂ ਨਾ ਮੰਗਣ ਲਈ ਕੀਤਾ ਪ੍ਰੇਰਿਤ : ਡਾ. ਜਨਕ ਰਾਜ ਸਿੰਗਲਾ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 26 ਮਈ ਨੂੰ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸ਼ਰਾਬ, ਪੈਸਾ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਨਾ ਵੰਡਿਆ ਜਾਵੇ ਅਤੇ ਨਾ ਹੀ ਵੋਟਰ ਕੋਈ ਪੈਸੇ ਜਾਂ ਸ਼ਰਾਬ ਲੈ ਕੇ ਵੋਟ ਪਾਉਣ। ਇਹ ਅਪੀਲ ਵੁਆਇਸ ਆਫ਼ ਮਾਨਸਾ ਉਮੀਦਵਾਰਾਂ ਤੇ ਵੋਟਰਾਂ ਨੂੰ ਕੀਤੀ। ਜ਼ਿਕਰਯੋਗ ਹੈ ਕਿ ਸਮਾਜਿਕ ਸੰਸਥਾ ਵੁਆਈਸ ਆਫ਼ ਮਾਨਸਾ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਨਗਰ ਕੌਂਸਲ ਚੋਣਾਂ ਸਬੰਧੀ ਵਾਰਡ-1, ਠੂਠਿਆਂ ਵਾਲੀ ਰੋਡ ਵਿਖੇ ਤੇ ਬਾਬਾ ਭਾਈ ਗੁਰਦਾਸ ਧਰਮਸ਼ਾਲਾ ਵਾਰਡ-5 ’ਚ ਵਾਰਡ ਵਾਸੀਆਂ ਦੀ ਭਰਵੀਂ ਹਾਜ਼ਰੀ ’ਚ ਉਮੀਦਵਾਰਾਂ ਨਾਲ ਚਰਚਾ ਕਰਵਾਈ। ਚਰਚਾ ਦਾ ਪ੍ਰਬੰਧ ਵਾਰਡ-1 ’ਚ ਨਿਰਵੈਰ ਕਲੱਬ, ਠੂਠਿਆਂ ਵਾਲੀ ਰੋਡ ਵੱਲੋਂ ਕੀਤਾ ਗਿਆ। ਵਾਰਡ-5 ’ਚ ਦਸ਼ਮੇਸ ਅਕੈਡਮੀ ਦੇ ਮਾਲਕ ਪ੍ਰੋਫ਼ੈਸਰ ਹਰਜੀਵਨ ਸਰਾਂ ਤੇ ਵੁਆਇਸ ਆਫ਼ ਮਾਨਸਾ ਦੇ ਸੀਨੀਅਰ ਮੈਂਬਰ ਸੇਠੀ ਸਿੰਘ ਸਰਾਂ ਵੱਲੋਂ ਸਾਰਾ ਪ੍ਰਬੰਧ ਕੀਤਾ। ਇਸ ਮੌਕੇ ਵਾਰਡ ਇੱਕ ਦੇ ਉਮੀਦਵਾਰਾਂ ਕੁਲਵੰਤ ਕੌਰ (ਸ਼੍ਰੋਮਣੀ ਅਕਾਲੀ ਦਲ), ਰਾਜ ਕੌਰ (ਆਜ਼ਾਦ), ਸਿਮਰਜੀਤ ਕੌਰ (ਕਾਂਗਰਸ ਪਾਰਟੀ), ਕਰਮਜੀਤ ਕੌਰ (ਆਮ ਆਦਮੀ ਪਾਰਟੀ) ਅਤੇ ਗੀਤਾ ਰਾਣੀ ਭਾਜਪਾ ਨੇ ਵਾਰਡ ਵਾਸੀਆਂ ਸਾਹਮਣੇ ਆਪਣੇ ਵਿਚਾਰ ਪ੍ਰਗਟ ਕੀਤੇ। ਵਾਰਡ-ਪੰਜ ’ਚ ਕੁਲਵਿੰਦਰ ਕੌਰ (ਕਾਂਗਰਸ), ਅਮਰਜੀਤ ਕੌਰ (ਆਪ) ਤੇ ਮੰਜੂ ਰਾਣੀ (ਭਾਜਪਾ) ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਾਰੇ ਉਮੀਦਵਾਰਾਂ ਨੇ ਲੋਕਾਂ ਦੀ ਕਚਿਹਰੀ ਵਿੱਚ ਇਹ ਵਿਸ਼ਵਾਸ ਦਿਵਾਇਆ ਕਿ ਉਹ ਚੋਣਾਂ ਦੌਰਾਨ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੰਡਣਗੇ ਤੇ ਨਾ ਹੀ ਵੋਟਰਾਂ ਨੂੰ ਪੈਸੇ ਜਾਂ ਕਿਸੇ ਹੋਰ ਲਾਲਚ ਰਾਹੀਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਵਿੱਚੋਂ ਜੋ ਵੀ ਜਿੱਤੇਗਾ, ਉਹ ਨਗਰ ਕੌਂਸਲ ਪ੍ਰਧਾਨ ਦੀ ਚੋਣ ਸਮੇਂ ਆਪਣੀ ਵੋਟ ਨਹੀਂ ਵੇਚੇਗਾ। ਉਮੀਦਵਾਰਾਂ ਵੱਲੋਂ ਇਹ ਭਰੋਸਾ ਵੀ ਦਿੱਤਾ ਕਿ ਸਰਕਾਰੀ ਪੈਸੇ ਨੂੰ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ’ਤੇ ਹੀ ਖਰਚਿਆ ਜਾਵੇਗਾ ਤੇ ਕਿਸੇ ਕਿਸਮ ਦਾ ਕਮਿਸ਼ਨ ਜਾਂ ਭ੍ਰਿਸ਼ਟਾਚਾਰ ਨਹੀਂ ਕੀਤਾ ਜਾਵੇਗਾ।
ਇਸ ਚਰਚਾ ਦੌਰਾਨ ਵਾਰਡ ਵਾਸੀਆਂ ਨੇ ਵਾਰਡ ਦੀਆਂ ਮੁੱਖ ਸਮੱਸਿਆਵਾਂ ਤੇ ਮੰਗਾਂ ਉਮੀਦਵਾਰਾਂ ਸਾਹਮਣੇ ਰੱਖੀਆਂ, ਜਿਨ੍ਹਾਂ ਵਿੱਚ ਵਾਰਡ-1 ’ਚ ਸਰਕਾਰੀ ਸਕੂਲ ਦੀ ਉਸਾਰੀ, ਵਧੀਆ ਪਾਰਕ ਦੀ ਸਥਾਪਨਾ, ਗੈਰ ਕਾਨੂੰਨੀ ਤੌਰ ’ਤੇ ਸਰਕਾਰੀ ਥਾਂ ’ਤੇ ਝੁੱਗੀਆਂ ਬਣਾ ਕੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਰਡ ਵਿੱਚੋਂ ਹਟਾਉਣਾ, ਨਸ਼ੇ ਅਤੇ ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ ’ਤੇ ਰੋਕ ਲਾਉਣਾ ਅਤੇ ਐਸਆਈਆਰ ਸਬੰਧੀ ਮਸਲੇ ਸ਼ਾਮਲ ਸਨ। ਵਾਰਡ ਨੰਬਰ. 05 ’ਚ ਕੋਰਟ ਰੋਡ ਤੇ ਕੁੜੀਆਂ ਦੇ ਕਾਲਜ ਕੋਲ ਸ਼ਰਾਰਤੀ ਅਨਸਰਾਂ ਦੀ ਭਰਮਾਰ, ਕੂੜੇ ਦੇ ਵੱਡੇ-ਵੱਡੇ ਢੇਰ, ਪੀਣਯੋਗ ਪਾਣੀ ਆਦਿ ਸਮੱਸਿਆਵਾਂ ਸਾਹਮਣੇ ਆਈਆ। ਉਮੀਦਵਾਰਾਂ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ। ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਹਰਜਿੰਦਰ ਸਿੰਘ ਮਾਨਸ਼ਾਹੀਆ ਵੱਲੋਂ ਸੁਚੱਜੇ ਢੰਗ ਨਾਲ ਸੰਚਾਲਿਤ ਕੀਤਾ। ਇਸ ਮੌਕੇ ਨਿਰਵੈਰ ਕਲੱਬ ਠੂਠਿਆਂ ਵਾਲੀ ਰੋਡ ਦੇ ਪ੍ਰਧਾਨ ਈਸ਼ਵਰ ਜ਼ਿੰਦਲ, ਜਨਰਲ ਸਕੱਤਰ ਬੂਟਾ ਸਿੰਘ, ਗੁਰਵਿੰਦਰ ਸਿੰਘ, ਗੁਰਚਰਨ ਸਿੰਘ ਤੇ ਵੁਆਇਸ ਆਫ਼ ਮਾਨਸਾ ਦੇ ਡਾ. ਲਖਵਿੰਦਰ ਸਿੰਘ ਮੂਸਾ, ਜਨਰਲ ਸਕੱਤਰ ਵਿਸ਼ਵਦੀਪ ਸਿੰਘ ਬਰਾੜ, ਨਰਿੰਦਰ ਕੁਮਾਰ ਸ਼ਰਮਾ, ਹਰਜੀਵਨ ਸਿੰਘ ਸਰਾਂ, ਬਿੱਕਰ ਸਿੰਘ ਮੰਗਾਣੀਆਂ, ਬਲਰਾਜ ਸਿੰਘ ਨੰਗਲ, ਜਸਵੰਤ ਸਿੰਘ ਕਲੇਹਰੀ, ਸਰਬਜੀਤ ਕੌਸ਼ਲ, ਕੇਸਰ ਸਿੰਘ ਐਡਵੋਕੇਟ, ਬਲਵਿੰਦਰ ਸਿੰਘ ਧਾਲੀਵਾਲ, ਗੁਰਚੇਤ ਸਿੰਘ ਫੱਤੇਵਾਲੀਆ, ਆਤਮਾ ਸਿੰਘ ਪਰਮਾਰ ਤੇ ਦੋਵਾਂ ਵਾਰਡਾਂ ਦੇ ਪਤਵੰਤੇ ਸੱਜਣਾਂ ਸਮੇਤ ਸਮੂਹ ਟੀਮ ਮੈਂਬਰ ਹਾਜ਼ਰ ਸਨ।