ਜਲ ਸ੍ਰੋਤ ਵਿਭਾਗ ਦਾ ਸੇਵਾਮੁਕਤ ਜੇਈ ਗਬਨ ਮਾਮਲੇ ’ਚ ਵਿਜੀਲੈਂਸ ਨੇ ਦਬੋਚਿਆ
ਚੌਕਸੀ ਵਿਭਾਗ ਮਾਨਸਾ ਨੇ ਜਲ ਸ੍ਰੋਤ
Publish Date: Thu, 26 Mar 2026 08:17 PM (IST)
Updated Date: Thu, 26 Mar 2026 08:20 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਚੌਕਸੀ ਵਿਭਾਗ ਮਾਨਸਾ ਨੇ ਜਲ ਸ੍ਰੋਤ ਵਿਭਾਗ ਮਾਨਸਾ ਦੇ ਇੱਕ ਸੇਵਾਮੁਕਤ ਜੇਈ ਨੂੰ ਮੋਘਿਆਂ ਦੀ ਮੁਰੰਮਤ ਅਤੇ ਹੋਰ ਕੰਮਾਂ ਲਈ ਵਰਤੇ ਘਟੀਆ ਮਟੀਰੀਅਲ ਲਾ ਕੇ ਲੱਖਾਂ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਬੁਢਲਾਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਚੌਕਸੀ ਵਿਭਾਗ ਨੇ ਜਲ ਸ੍ਰੋਤ ਪ੍ਰਬੰਧ ਵਿਭਾਗ ਦੇ ਦੋ ਅਧਿਕਾਰੀ ਸਮੇਤ ਪੰਜ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ, ਪਰ ਵਿਭਾਗ ਹਾਲੇ ਉਨ੍ਹਾਂ ਦਾ ਨਾਂ ਗੁਪਤ ਰੱਖ ਰਿਹਾ ਹੈ। ਚੌਕਸੀ ਵਿਭਾਗ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰ ਕਰਨ ਦੀ ਤਿਆਰੀ ਚੱਲ ਰਹੀ ਹੈ। ਚੌਕਸੀ ਵਿਭਾਗ ਮਾਨਸਾ ਦੇ ਇੰਸਪੈਕਟਰ ਨਗਿੰਦਰ ਸਿੰਘ ਦੀ ਅਗਵਾਈ ਵਿੱਚ ਵੀਰਵਾਰ ਨੂੰ ਬੁਢਲਾਡਾ ਵਿਖੇ ਸੇਵਾਮੁਕਤ ਜੇਈ ਹਰਚਰਨ ਸਿੰਘ ਦੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਸਪੈਕਟਰ ਨਗਿੰਦਰ ਸਿੰਘ ਨੇ ਦੱਸਿਆ ਕਿ ਸਾਲ 2018 ਵਿੱਚ ਅਮਰੀਕ ਸਿੰਘ ਨਾਮੀ ਵਿਅਕਤੀ ਵੱਲੋਂ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਵਿਭਾਗੀ ਜਾਂਚ ਪੜਤਾਲ ਉਪਰੰਤ ਘਟੀਆ ਮਟੀਰੀਅਲ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਸੇਵਾਮੁਕਤ ਜੇਈ ਹਰਚਰਨ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਵਿਭਾਗ ਨੇ 25 ਮਾਰਚ 2026 ਨੂੰ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਲ ਸ੍ਰੋਤ ਪ੍ਰਬੰਧ ਵਿਭਾਗ ਮਾਨਸਾ ਵੱਲੋਂ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿਖੇ ਮੋਘੇ ਬਣਾਏ ਗਏ ਸਨ, ਜਿਨ੍ਹਾਂ ਵਿੱਚ ਮਾੜਾ ਮਟੀਰੀਅਲ ਵਰਤ ਕੇ 5 ਲੱਖ 40 ਹਜ਼ਾਰ ਰੁਪਏ ਦਾ ਗਬਨ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ ਵਿਭਾਗ ਦੇ ਹੋਰ ਕਰਮਚਾਰੀ ਕਸੂਰਵਾਰ ਪਾਏ ਗਏ। ਇੰਸਪੈਕਟਰ ਨਗਿੰਦਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਜੇਈ ਹਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।