ਲੋਕ ਸੰਘਰਸ਼ ਬਦੌਲਤ 27 ਵਾਰਡਾਂ ਦੀ ਸੂਚੀ ਜਾਰੀ : ਆਗੂ
ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ
Publish Date: Mon, 18 May 2026 07:33 PM (IST)
Updated Date: Tue, 19 May 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰਾਂ (ਕਾਗਜ਼ਾਂ) ਦੀ ਪੜ੍ਹਤਾਲ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਮਾਨਸਾ ਪ੍ਰਸ਼ਾਸਨ ਤੇ ਹਾਕਮ ਧਿਰ ਦੇ ਵਿਧਾਇਕ ਵੱਲੋਂ ਕਥਿਤ ਸਿਆਸੀ ਦਬਾਅ ਪਾ ਕੇ ਕੁਝ ਵਿਸ਼ੇਸ਼ ਵਾਰਡਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਭਿਣਕ ਲੱਗਦਿਆਂ ਹੀ ਮਾਨਸਾ ਦੇ ਆਮ ਲੋਕਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪੈਦਾ ਹੋ ਗਈ। ਇਸ ਸਾਰੇ ਮਸਲੇ ਦਾ 21 ਮੈਂਬਰੀ ਕਮੇਟੀ ਮਾਨਸਾ ਦੇ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਕਮੇਟੀ ਦੇ ਪ੍ਰਮੁੱਖ ਆਗੂ ਵੀ ਮੌਕੇ ’ਤੇ ਪਹੁੰਚ ਗਏ। ਕਮੇਟੀ ਮੈਂਬਰਾਂ ਵੱਲੋਂ ਐਸਡੀਐੱਮ ਦਫ਼ਤਰ ‘ਚ ਹੀ ਇਕੱਠੇ ਹੋ ਕੇ ਬੈਠ ਗਏ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਨਿਰੰਤਰ ਗੱਲਬਾਤ ਚੱਲੀ। ਕਮੇਟੀ ਆਗੂਆਂ ਨੇ ਦੱਸਿਆ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਸੀ, ਪਰ ਮੁਸਤੈਦੀ ਕਾਰਨ ਕਿਸੇ ਵੀ ਉਮੀਦਵਾਰ ਦੇ ਕਾਗਜ਼ ਰੱਦ ਨਹੀਂ ਹੋਣ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਖਿਲਾਫ਼ ਕਮੇਟੀ ਅਤੇ ਇਨਸਾਫ਼ ਪਸੰਦ ਸ਼ਹਿਰੀਆਂ ਮੋਹਤਬਰਾਂ ਤੇ ਵੱਖ-ਵੱਖ ਵਰਗਾਂ ਦੀਆਂ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਕਾਰਕੁਨਾਂ ਵੱਲੋਂ ਸਾਂਝੇ ਤੌਰ ’ਤੇ ਕੀਤੇ ਸੰਘਰਸ਼ ਦੀ ਬਦੌਲਤ ਨੇ ਇਸ ਕਾਰਜਨੂੰ ਨੇਪਰੇ ਚਾੜ੍ਹਨ ਵਿੱਚ ਕਾਮਯਾਬੀ ਮਿਲੀ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 26 ਮਈ ਨੂੰ ਚੋਣਾਂ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਕਮੇਟੀ ਦੇ ਪ੍ਰਮੁੱਖ ਆਗੂ ਨਾਜਰ ਸਿੰਘ ਮਾਨਸ਼ਾਹੀਆ, ਮਨੀਸ਼ ਬੱਬੀ ਦਾਨੇਵਾਲੀਆ, ਕਾਮਰੇਡ ਕ੍ਰਿਸ਼ਨ ਚੌਹਾਨ, ਮਾਣਕ ਗੋਇਲ ਡਾ. ਧੰਨਾ ਮੱਲ ਗੋਇਲ, ਹਰਿੰਦਰ ਸ਼ਰਮਾ, ਚਮਕੌਰ ਸਿੰਘ ਸਿੱਧੂ ਮੂਸਾ ਅਤੇ ਮਨਦੀਪ ਸਿੰਘ ਗੋਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਤੇ ਇਸ ਸਮੇਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵੱਲੋਂ ਨਿਭਾਈ ਗਈ ਵਿਸ਼ੇਸ਼ ਭੂਮਿਕਾ ਲਈ ਧੰਨਵਾਦ ਕਰਦਿਆਂ ਸ਼ਹਿਰੀਆਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ।