ਸ਼ਿਮਲਾ ਮਿਰਚ ਸੜਕਾਂ ’ਤੇ ਖਿਲਾਰਨ ਲੱਗੇ ਕਿਸਾਨ
ਸਬਜ਼ੀ ਕਾਸ਼ਤਕਾਰ ਕਿਸਾਨ
Publish Date: Wed, 06 May 2026 07:59 PM (IST)
Updated Date: Thu, 07 May 2026 04:14 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਬਜ਼ੀ ਕਾਸ਼ਤਕਾਰ ਕਿਸਾਨ ਸ਼ਿਮਲਾ ਮਿਰਚ ਮੰਦੀ ਕਾਰਨ ਸੜਕਾਂ ’ਤੇ ਖਿਲਾਰਨ ਲੱਗੇ ਹਨ। ਖੇਤੀ ਵਿਭਿੰਨਤਾ ਵੱਲ ਵੱਧਦੇ ਇਹ ਕਿਸਾਨ ਨਿਰਾਸ਼ਾ ਦੇ ਆਲਮ ਹਨ ਅਤੇ ਸਰਕਾਰਾਂ ਨੂੰ ਕੋਸ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ ਦੇ ਕਿਸਾਨਾਂ ਵੱਲੋਂ ਕਣਕ ਤੇ ਝੋਨੇ ਦੀਆਂ ਫ਼ਸਲਾਂ ਨੂੰ ਛੱਡ ਕੇ ਸਬਜ਼ੀਆਂ ਵੱਲ ਰੁਖ ਕੀਤਾ ਗਿਆ ਸੀ ਤੇ ਲੰਬੇ ਸਮੇ ਤੋਂ ਸਬਜ਼ੀਆਂ ਉਗਾ ਰਹੇ ਹਨ। ਪਰ ਵਪਾਰੀ ਸਬਜ਼ੀਆਂ ਖ਼ਰੀਦਣ ਤੋਂ ਕੰਨੀ ਕਤਰਾਉਂਦੇ ਹਨ। ਖ਼ਰਬੂਜ਼ੇ, ਸ਼ਿਮਲਾ ਮਿਰਚ, ਤਰਬੂਜ਼, ਕੱਦੂ, ਤੋਰੀਆਂ ਤੇ ਹੋਰ ਸਬਜ਼ੀਆਂ ਵੇਚਣ ਵਾਲੇ ਕਿਸਾਨ ਮੰਦੀ ਦੀ ਮਾਰ ਝੱਲ ਰਹੇ ਹਨ। ਕਿਸਾਨ ਜਸਪਾਲ ਸਿੰਘ ਅਨੁਸਾਰ ਉਸ ਨੇ 18 ਏਕੜ ਸ਼ਿਮਲਾ ਮਿਰਚ ਖੇਤ ’ਚ ਲਾਈ ਹੋਈ ਹੈ, ਜਿਸ ‘ਤੇ ਬੀਜ ਤੋਂ ਲੈ ਕੇ ਤੋੜਨ ਤੱਕ ਬਹੁਤ ਜ਼ਿਆਦਾ ਖਰਚ ਆਉਂਦਾ ਹੈ। ਅੱਜ ਸ਼ਿਮਲਾ ਮਿਰਚ ਦਾ ਭਾਅ 2 ਰੁਪਏ ਕਿੱਲੋ ਦੇ ਹਿਸਾਬ ਨਾਲ਼ ਵਿਕ ਰਹੀ ਹੈ। ਜੋ ਲੇਬਰ 280 ਰੁਪਏ ਹੈ ਅਤੇ ਇਕ ਔਰਤ ਤਿੰਨ ਮਣ ਮਿਰਚ ਤੋੜ ਦੀ ਹੈ। ਪਰ ਰੇਟ ਦੇ ਹਿਸਾਬ ਨਾਲ ਦਿਹਾੜੀ ਵੀ ਪੂਰ੍ਹੀ ਨਹੀਂ ਹੁੰਦੀ। ਕਿਸਾਨ ਆਗੂ ਨੇ ਕਿਹਾ ਕਿ ਪਿੰਡ ਭੈਣੀ ਬਾਘਾ ਵਿਖੇ 300 ਏਕੜ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ ਪਰ ਸਰਕਾਰ ਵੱਲੋਂ ਕੋਈ ਰਿਹਾਇਤ ਜਾਂ ਸਬਸਿਡੀ ਨਹੀਂ ਦਿੱਤੀ ਜਾਂਦੀ। ਕਿਸਾਨ ਨਿਰਾਸ਼ ਹਨ ਤੇ ਇਨ੍ਹਾਂ ਦੀ ਮਦਦ ਲਈ ਸਰਕਾਰਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।