ਐੱਸਕੇਐੱਮ ਨੇ ਕੇਂਦਰ ਸਰਕਾਰ ਤੇ ਗਵਰਨਰ ਦੀਆਂ ਫੂਕੀਆਂ ਅਰਥੀਆਂ
ਸੰਯੁਕਤ ਕਿਸਾਨ ਮੋਰਚਾ ਵੱਲੋਂ 15 ਮਈ ਨੂੰ
Publish Date: Sat, 16 May 2026 06:26 PM (IST)
Updated Date: Sun, 17 May 2026 04:10 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸੰਯੁਕਤ ਕਿਸਾਨ ਮੋਰਚਾ ਵੱਲੋਂ 15 ਮਈ ਨੂੰ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇਣ ਲਈ ਜਾ ਰਹੇ ਕਾਫ਼ਲੇ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਜ਼ਬਰ ਢਾਹੁਣ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਦੇ ਸੱਦੇ ਤੇ ਮੋਦੀ ਹਕੂਮਤ ਅਤੇ ਪੰਜਾਬ ਦੇ ਗਵਰਨਰ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਲਾਲ ਚੰਦ ਨੇ ਦੱਸਿਆ ਕਿ ਦਫ਼ਤਰ ਮਾਰਕੀਟ ਕਮੇਟੀ ਮੂਹਰੇ ਇਕੱਤਰ ਹੋਏ ਕਿਸਾਨ ਮੋਰਚੇ ਦੇ ਕਾਰਕੁੰਨਾਂ ਨੇ ਅਰਥੀਆਂ ਮੋਢਿਆਂ ਤੇ ਰੱਖ ਕੇ ਸ਼ਹਿਰ ਦੇ ਬਸ ਸਟੈਂਡ ਤੱਕ ਰੋਸ ਮੁਜ਼ਾਹਰਾ ਕੀਤਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੱਸ ਸਟੈਂਡ ਸਾਹਮਣੇ ਪੰਹੁਚ ਕੇ ਅਰਥੀਆਂ ਸਾੜੀਆਂ ਗਈਆਂ ਅਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਕਾਮਰੇਡ ਲਾਲ ਚੰਦ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਵਿੱਚੋਂ ਪੰਜਾਬ ਦੀ ਪ੍ਰਤੀਨਿਧਤਾ ਖ਼ਤਮ ਕਰਨ, ਡੈਮਾਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਪੰਜਾਬ ਤੋਂ ਖੋਹ ਕੇ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਿੱਧੇ ਤੌਰ ਤੇ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਹੈ ਰਾਜਾਂ ਦੇ ਅਧਿਕਾਰਾਂ ‘ਤੇ ਹਮਲਾ ਹੈ। ਪੰਜਾਬ ਦੇ ਲੋਕ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਗੁਰਦੇਵ ਸਿੰਘ ਲੋਹਗੜ੍ਹ, ਬੀ ਕੇ ਯੂ ਡਕੌਂਦਾ ਦੇ ਕਾਕਾ ਸਿੰਘ, ਨੈਬ ਸਿੰਘ ਚੋਟੀਆਂ, ਬੀ ਕੇ ਯੂ ਲੱਖੋਵਾਲ ਦੇ ਗੁਰਚਰਨ ਸਿੰਘ, ਕੁਲਦੀਪ ਸਿੰਘ ਬੀ ਕੇ ਯੂ ਉਗਰਾਹਾਂ ਦੇ ਗੁਰਤੇਜ ਸਿੰਘ ਟਿੱਬੀ ਬਿੰਦਰ ਸਿੰਘ ਝੰਡਾ ਕਲਾਂ, ਕੁਲ ਹਿੰਦ ਕਿਸਾਨ ਸਭਾ ਦੇ ਸਤਪਾਲ ਚੋਪੜਾ ,ਭਜਨ ਸਿੰਘ ਹਾਜ਼ਰ ਸਨ। ਆਖ਼ਰ ਵਿੱਚ ਜੀ ਟੀ ਰੋਡ ਉਪਰ ਅਰਥੀਆਂ ਸਾੜੀਆਂ ਗਈਆਂ।