ਜਨਗਣਨਾ ਤਹਿਤ ਮਾਨਸਾ ਜ਼ਿਲ੍ਹੇ ’ਚ ਅੱਜ ਤੋਂ ‘ਸਵੈ-ਗਿਣਤੀ’ ਦੀ ਸੁਵਿਧਾ ਸ਼ੁਰੂ : ਡੀਸੀ
ਡਿਪਟੀ ਕਮਿਸ਼ਨਰ -ਕਮ-ਪ੍ਰਿੰਸੀਪਲ ਸੈਂਸਜ਼
Publish Date: Wed, 29 Apr 2026 08:10 PM (IST)
Updated Date: Thu, 30 Apr 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡਿਪਟੀ ਕਮਿਸ਼ਨਰ -ਕਮ-ਪ੍ਰਿੰਸੀਪਲ ਸੈਂਸਜ਼ ਅਫਸਰ ਨਵਜੋਤ ਕੌਰ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ 30 ਅਪ੍ਰੈਲ ਤੋਂ ‘ਸਵੈ-ਗਿਣਤੀ’ ਦੀ ਪ੍ਰਕਿਰਿਆ ਆਰੰਭ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਡਿਜੀਟਲ ਤਕਨੀਕ ਦੀ ਵਰਤੋਂ ਕਰਦੇ ਹੋਏ ਇਸ ਵਾਰ ਨਾਗਰਿਕਾਂ ਨੂੰ ਆਪਣੇ ਵੇਰਵੇ ਖੁਦ ਦਰਜ ਕਰਨ ਦੀ ਵਿਸ਼ੇਸ਼ ਸਹੂਲਤ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦਾ ਕੋਈ ਵੀ ਨਾਗਰਿਕ ਘਰ ਬੈਠੇ ਹੀ ਅਧਿਕਾਰਿਤ ਪੋਰਟਲ se.census.gov.in ਰਾਹੀਂ ਆਪਣੀ ਜਾਣਕਾਰੀ ਦਰਜ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੀ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ ਅਧਿਕਾਰਿਤ ਵੈੱਬਸਾਈਟ ਤੇ ਲੋਗ-ਇਨ ਕਰੋ ਅਤੇ ਆਪਣੇ ਮੋਬਾਈਲ ਨੰਬਰ ਰਾਹੀਂ ਪੋਰਟਲ ਤੇ ਰਜਿਸਟ੍ਰੇਸ਼ਨ ਕਰੋ। ਉਸ ਤੋਂ ਬਾਅਦ ਪੋਰਟਲ ਤੇ ਮੌਜੂਦ ਡਿਜੀਟਲ ਫਾਰਮ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਹਾਇਸ਼ ਸਬੰਧੀ ਪੁੱਛੀ ਗਈ ਜਾਣਕਾਰੀ ਦਰਜ ਕਰੋ। ਉਨ੍ਹਾਂ ਦੱਸਿਆ ਕਿ ਵੇਰਵੇ ਸਫਲਤਾਪੂਰਵਕ ਦਰਜ ਕਰਨ ਤੋਂ ਬਾਅਦ, ਤੁਹਾਨੂੰ ਇੱਕ ਰੈਫਰੈਂਸ ਨੰਬਰ ਪ੍ਰਾਪਤ ਹੋਵੇਗਾ। ਡੀਸੀ ਨਵਜੋਤ ਕੌਰ ਨੇ ਕਿਹਾ ਕਿ ਜਦੋਂ ਜਨਗਣਨਾ ਕਰਮੀ ਤੁਹਾਡੇ ਘਰ ਆਵੇਗਾ, ਤਾਂ ਤੁਹਾਨੂੰ ਸਿਰਫ਼ ਆਪਣਾ ਰੈਫਰੈਂਸ ਨੰਬਰ ਦਿਖਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਸਹੂਲਤ ਅਨੁਸਾਰ ਬਿਲਕੁਲ ਸਹੀ ਜਾਣਕਾਰੀ ਆਪ ਭਰ ਸਕਦੇ ਹੋ ਅਤੇ ਤੁਹਾਡੇ ਵੱਲੋਂ ਦਿੱਤੇ ਗਏ ਵੇਰਵੇ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਗੁਪਤ ਰੱਖੇ ਜਾਣਗੇ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਨਗਣਨਾ ਦੇਸ਼ ਦੇ ਵਿਕਾਸ ਅਤੇ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਲਈ ਇੱਕ ਅਹਿਮ ਕਦਮ ਹੈ। ਉਨ੍ਹਾਂ ਨੇ ਮਾਨਸਾ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਡਿਜੀਟਲ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਸਵੈ-ਗਿਣਤੀ ਰਾਹੀਂ ਆਪਣਾ ਸਹਿਯੋਗ ਦੇਣ ਤਾਂ ਜੋ ਪ੍ਰਕਿਰਿਆ ਨੂੰ ਸੁਚਾਰੂ ਅਤੇ ਤੇਜ਼ ਬਣਾਇਆ ਜਾ ਸਕੇ।