ਪਾਰਕਿੰਗ ਦੀ ਘਾਟ ਕਾਰਨ ਮਾਨਸਾ ’ਚ ਲੱਗ ਰਹੇ ਜਾਮ ਤੋਂ ਲੋਕ ਔਖੇ
ਮਾਨਸਾ ਸ਼ਹਿਰ ‘ਚ ਪਾਰਕਿੰਗ ਦੀ ਵਿਵਸਥਾ
Publish Date: Fri, 08 May 2026 06:52 PM (IST)
Updated Date: Sat, 09 May 2026 04:11 AM (IST)
-ਪ੍ਰਸ਼ਾਸਨ ਤੇ ਬੈਂਕ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਲੋਕ ਰਹੇ ਪਰੇਸ਼ਾਨ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ‘ਚ ਪਾਰਕਿੰਗ ਦੀ ਵਿਵਸਥਾ ਨਾ ਹੋਣ ਕਾਰਨ ਆਮ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਬੈਂਕਾਂ ਦੇ ਬਾਹਰ ਵੀ ਪਾਰਕਿੰਗ ਨਾ ਹੋਣ ਕਾਰਨ ਲੋਕਾਂ ਦੀਆਂ ਦਿੱਕਤਾਂ ਜ਼ਿਆਦਾ ਵੱਧ ਜਾਂਦੀਆਂ ਹਨ ਅਤੇ ਜਾਮ ਲੱਗ ਜਾਂਦੇ ਹਨ। ਖ਼ਾਸ ਕਰਕੇ ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚ ਸਥਿਤ ਬੈਂਕਾਂ ਦੇ ਬਾਹਰ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਵਾਹਨ ਆਮ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਸਮੱਸਿਆ ਵੱਲ ਨਾ ਤਾਂ ਬੈਂਕ ਪ੍ਰਬੰਧਕ ਧਿਆਨ ਦੇ ਰਹੇ ਹਨ ਅਤੇ ਨਾ ਹੀ ਸੰਬੰਧਿਤ ਵਿਭਾਗਾਂ ਵੱਲੋਂ ਕੋਈ ਪੱਕਾ ਹੱਲ ਕੀਤਾ ਜਾ ਰਿਹਾ ਹੈ। ਜਵਾਹਰਕੇ ਰੋਡ ’ਤੇ ਸਥਿਤ ਕਈ ਬੈਂਕਾਂ ਦੇ ਬਾਹਰ ਰੋਜ਼ਾਨਾ ਦੋਪਹੀਆ ਵਾਹਨਾਂ ਦੀ ਲੰਬੀ ਕਤਾਰ ਦੇਖਣ ਨੂੰ ਮਿਲਦੀ ਹੈ। ਪਾਰਕਿੰਗ ਦੀ ਕੋਈ ਵਿਵਸਥਾ ਨਾ ਹੋਣ ਕਰਕੇ ਲੋਕ ਆਪਣੇ ਵਾਹਨ ਸੜਕ ਕਿਨਾਰੇ ਹੀ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਰਾਹਗੀਰਾਂ ਤੇ ਹੋਰ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਐਂਬੂਲੈਂਸ ਤੇ ਸਕੂਲੀ ਵਾਹਨ ਵੀ ਜਾਮ ਵਿੱਚ ਫ਼ਸ ਜਾਂਦੇ ਹਨ। ਸਵੇਰੇ ਵੀ ਇਸੇ ਤਰ੍ਹਾਂ ਦੀ ਸਥਿਤੀ ਉਸ ਵੇਲੇ ਬਣ ਗਈ ਜਦੋਂ ਜਵਾਹਰਕੇ ਰੋਡ ’ਤੇ ਸਥਿਤ ਬੈਂਕ ਦੇ ਬਾਹਰ ਬੇਤਰਤੀਬ ਢੰਗ ਨਾਲ ਖੜ੍ਹੇ ਮੋਟਰਸਾਈਕਲਾਂ ਕਾਰਨ ਦੋਹਾਂ ਪਾਸਿਆਂ ਤੋਂ ਆ ਰਹੇ ਵਾਹਨ ਜਾਮ ਵਿੱਚ ਫਸ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਬੈਂਕ ਦੇ ਸੁਰੱਖਿਆ ਕਰਮਚਾਰੀ ਨੂੰ ਵਾਹਨ ਠੀਕ ਤਰੀਕੇ ਨਾਲ ਲਗਵਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਸੰਤੋਸ਼ਜਨਕ ਸਹਿਯੋਗ ਨਹੀਂ ਦਿੱਤਾ।
ਇਸ ਸਬੰਧੀ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਮੁਕੇਸ਼ ਨਾਲ ਗੱਲ ਕਰਨੀ ਚਾਹੀ ਤਾਂ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ। ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਮਾਨਸਾ ਵਿੱਚ ਬਹੁਤੇ ਬੈਂਕਾਂ ਕੋਲ ਪਾਰਕਿੰਗ ਨਹੀਂ ਹੈ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ। ਉੱਥੇ ਹੀ ਟ੍ਰੈਫ਼ਿਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਪ੍ਰਬੰਧਕਾਂ ਨੂੰ ਪਹਿਲਾਂ ਵੀ ਕਈ ਵਾਰ ਪਾਰਕਿੰਗ ਪ੍ਰਬੰਧ ਸੁਧਾਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਬੈਂਕ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਬੈਂਕਾਂ ਲਈ ਪਾਰਕਿੰਗ ਵਿਵਸਥਾ ਲਾਜ਼ਮੀ ਬਣਾਈ ਜਾਵੇ, ਤਾਂ ਜੋ ਸ਼ਹਿਰ ਨੂੰ ਰੋਜ਼ਾਨਾ ਦੇ ਟ੍ਰੈਫ਼ਿਕ ਜਾਮ ਤੋਂ ਰਾਹਤ ਮਿਲ ਸਕੇ।