ਦਿਨ ’ਚ ਹੀ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ
ਨੇੜਲੇ ਪਿੰਡ ਸ਼ੇਖੂਪੁਰ ਖੁਡਾਲ ਵਿੱਚ ਚੋਰੀ ਦੀ ਘਟਨਾ
Publish Date: Sun, 10 May 2026 06:45 PM (IST)
Updated Date: Mon, 11 May 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਨੇੜਲੇ ਪਿੰਡ ਸ਼ੇਖੂਪੁਰ ਖੁਡਾਲ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਸ਼ੇਖੂਪੁਰ ਖੁਡਾਲ ਦਾ ਰਹਿਣ ਵਾਲਾ ਮੰਗੂ ਸਿੰਘ ਸ਼ਨੀਵਾਰ ਦੁਪਹਿਰ ਨੂੰ ਆਪਣੇ ਪਰਿਵਾਰ ਨਾਲ ਆਪਣੇ ਘਰ ਨੂੰ ਜ਼ਿੰਦਰਾ ਲਗਾ ਕੇ ਪਿੰਡ ਵਿਚ ਇਕ ਵਿਆਹ ਵਿਚ ਗਿਆ ਸੀ। ਜਦ ਉਹ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਸਨੂੰ ਪਤਾ ਲੱਗਿਆ ਕਿ ਅਣਪਛਾਤੇ ਚੋਰ ਕੰਧ ਟੱਪ ਕੇ ਕਮਰਿਆਂ ਦੇ ਮੁੱਖ ਜ਼ਿੰਦਰੇ ਤੋੜ ਕੇ ਘਰ ਵਿੱਚ ਦਾਖ਼ਲ ਹੋਏ ਹਨ। ਚੋਰਾਂ ਨੇ ਘਰ ਅੰਦਰ ਪਈ ਅਲਮਾਰੀ ਅਤੇ ਤਿੰਨ ਬੈੱਡ ਦੇ ਡੱਬੇ ਖੋਲ੍ਹੇ ਅਤੇ ਸਮਾਨ ਦੀ ਛਾਣ-ਬੀਣ ਕੀਤੀ। 4 ਤੋਲੇ ਸੋਨਾ, ਚਾਂਦੀ ਅਤੇ ਹਜ਼ਾਰਾਂ ਰੁਪਏ ਨਕਦੀ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬਰੇਟਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੀੜ੍ਹਤ ਮੰਗੂ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਚੋਰੀ ਹੋਏ ਸਾਮਾਨ ਨੂੰ ਬਰਾਮਦ ਕੀਤਾ ਜਾਵੇ। ਇਸ ਦੌਰਾਨ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਘਰ ਦੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।