ਨਗਰ ਪੰਚਾਇਤ ਦੇ ਕੱਚੇ ਮੁਲਾਜ਼ਮਾਂ ਨੇ ਕੱਢਿਆ ਰੋਸ ਮਾਰਚ
ਸਰਦੂਲਗੜ੍ਹ ਨਗਰ ਪੰਚਾਇਤ ਵਿੱਚ ਕੰਮ ਕਰਦੇ
Publish Date: Mon, 18 May 2026 06:16 PM (IST)
Updated Date: Tue, 19 May 2026 04:07 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ :
ਸਥਾਨਕ ਨਗਰ ਪੰਚਾਇਤ ਵਿੱਚ ਕੰਮ ਕਰਦੇ ਆਊਟ ਸੋਰਸ ਅਤੇ ਕੱਚੇ ਮੁਲਾਜ਼ਮ ਜਿੰਨ੍ਹਾਂ ਵਿੱਚ ਸਫ਼ਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਸੇਵਾਦਾਰ, ਇਲੈਕਟਰੀਸ਼ੀਅਨ, ਪੰਪ ਆਪਰੇਟਰ, ਕੰਪਿਊਟਰ ਆਪਰੇਟਰ, ਕਲਰਕ, ਡਰਾਈਵਰ ਅਤੇ ਫਾਇਰ ਬ੍ਰਿਗੇਡ ਮੁਲਾਜ਼ਮ ਸ਼ਾਮਿਲ ਹਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕੰਮ ਛੱਡ ਕੇ ਹੜਤਾਲ ‘ਤੇ ਬੈਠੇ ਹਨ, ਜਿਸ ਕਾਰਨ ਸ਼ਹਿਰ ਵਿਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗ ਗਏ ਹਨ। ਅੱਜ ਇੰਨ੍ਹਾਂ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਜਲਦੀ ਪੂਰੀਆਂ ਕਰਨ ਦੀ ਗੱਲ ਰੱਖੀ। ਇਸ ਮੌਕੇ ਸਫ਼ਾਈਕ ਕਰਮਚਾਰੀ ਯੂਨੀਅਨ ਦੇ ਆਗੂ ਸਾਗਰ ਕੁਮਾਰ ਅਤੇ ਪੰਜਾਬ ਮਿਉਂਸੀਪਲ ਆਊਟ ਸੋਰਸ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸਲਾਹਕਾਰ ਸੰਜੀਵ ਕੁਮਾਰ ਨੇ ਕਿਹਾ ਕਿ ਆਉਟ ਸੋਰਸ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। 1/1/ 2024 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਮੁਲਾਜ਼ਮਾਂ ਨੂੰ ਪੀਐਫ਼ ਵਿੱਚੋਂ ਵਾਪਸੀ ਯੋਗ ਕਰਜ਼ ਲੈਣ ਦੀ ਪ੍ਰਵਾਨਗੀ ਦਿੱਤੀ ਜਾਵੇ। ਸਮੇਂ ਸਿਰ ਤਨਖ਼ਾਹਾਂ ਦੇਣ ਲਈ ਵੈਟ ਦੀ ਰਾਸ਼ੀ ਦੁਗਣੀ ਕੀਤੀ ਜਾਵੇ।
ਸਫ਼ਾਈ ਸੇਵਕਾਂ ਦੀ ਭਰਤੀ ਵਿੱਚ ਸਫ਼ਾਈ ਸੇਵਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ 75 ਫ਼ੀਸਦੀ ਰਾਖਵਾਂ ਕਰਨ ਦਿੱਤਾ ਜਾਵੇ। ਮੁਲਾਜ਼ਮਾਂ ਦਾ ਸਲਾਨਾ ਐਕਸੀਡੈਂਟਲ ਬੀਮਾ ਹਰ ਸਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ ਤੇ ਬੀਮੇ ਦੀ ਰਾਸ਼ੀ 20 ਲੱਖ ਕੀਤੀ ਜਾਵੇ ਸਫਾਈ ਸੇਵਕ ਤੇ ਸੀਵਰ ਮੈਨਾ ਨੂੰ ਮਿਲਦੀ ਗਰਮ ਤੇ ਠੰਡੀ ਵਰਦੀ ਕੱਪੜੇ ਦੀ ਸਿਲਾਈ ਜਰਸੀ ਬੂਟ ਅਤੇ ਚੱਪਲਾਂ ਆਦਿ ਦੇ ਰੇਟਾਂ ਵਿੱਚ ਚਾਰ ਗੁਣਾ ਵਾਧਾ ਕੀਤਾ ਜਾਵੇ। ਸਫਾਈ ਮੇਟਾਂ ਨੂੰ ਦੋ ਪਈਆ ਵਾਹਣਾਂ ਲਈ ਤੇਲ ਭੱਤਾ ਅਤੇ ਸਪੈਸ਼ਲ ਇਨਕਰੀਮੈਂਟ ਦਿੱਤਾ ਜਾਵੇ ਮੁਲਾਜ਼ਮਾਂ ਨੂੰ ਸਮੇਂ ਮੁਤਾਬਿਕ ਤਰੱਕੀ ਦਿੱਤੀ ਜਾਵੇ। ਉਪਰੋਕਤ ਸਾਰੀਆਂ ਮੰਗਾਂ ਨੂੰ ਸਰਕਾਰ ਜਲਦੀ ਪ੍ਰਵਾਨ ਕਰੇ ਤਾਂ ਜੋ ਆਊਟਸੋਰਸ ਅਤੇ ਕੱਚੇ ਮੁਲਾਜ਼ਮ ਆਪਣੇ ਕੰਮਾਂ ਤੇ ਵਾਪਸ ਪਰਤ ਸਕਣ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਦਿਆ ਰਾਮ, ਸਤਪਾਲ, ਬਲਕਾਰ ਸਿੰਘ, ਅਨਿਲ ਕੁਮਾਰ, ਰਮਨਦੀਪ ਸਿੰਘ, ਗੋਗੀ, ਭਿੰਦਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਹਾਜ਼ਰ ਸਨ।