ਏਟਕ ਦੇ ਸੱਦੇ ’ਤੇ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਰੋਸ ਮੁਜ਼ਾਹਰਾ
ਸੂਬੇ ਦੀ ਮਾਨ ਸਰਕਾਰ ਨੇ ਕੌਮਾਂਤਰੀ ਮਜ਼ਦੂਰ
Publish Date: Tue, 05 May 2026 05:16 PM (IST)
Updated Date: Wed, 06 May 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੂਬਾ ਸਰਕਾਰ ਨੇ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੁਝ ਨਹੀਂ ਕੀਤਾ, ਬਲਕਿ ‘ਆਪ’ ਦੇ 7 ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ਵਿੱਚ ਕੀਤੀ ਸ਼ਮੂਲੀਅਤ ਦੇ ਡਰ ਕਾਰਨ ਕੇਵਲ ਪਾਰਟੀ ਦੇ ਵਿਧਾਇਕਾ ਦੀ ਹਮਾਇਤ ਹਾਸਲ ਕਰਨਾ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਏਟਕ ਦੇ ਸੀਨੀਅਰ ਆਗੂ ਤੇ ਜੱਥੇਬੰਦੀ ਦੇ ਸੂਬਾਈ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ ਨੇ ਸਥਾਨਕ ਲੇਬਰ ਚੌਕ ਵਿਖੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੌਰਾਨ ਟਰੇਡ ਯੂਨੀਅਨਾਂ ਤੇ ਮਜ਼ਦੂਰ ਜੱਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਸਰਕਾਰ ਵੱਲੋਂ ਇੱਕ ਸਾਜ਼ਿਸ਼ ਤਹਿਤ ਇਨ੍ਹਾਂ ਨੂੰ ਭਰੋਸੇ ’ਚ ਲਏ ਬਿਨਾਂ ਕੇਵਲ 15 ਪ੍ਰਤੀਸ਼ਤ ਕੀਤਾ ਗਿਆ ਵਾਧਾ ਊਠ ਦੇ ਮੂੰਹ ’ਚ ਜ਼ੀਰਾ ਦੇਣ ਬਰਾਬਰ ਹੈ। ਕਮਿਊਨਿਸਟ ਆਗੂ ਨੇ ਰੋਸ਼ ਜਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਰਾਹ ’ਤੇ ਤੁਰਨ ਵਾਲੀ ਮਾਨ ਸਰਕਾਰ ਤੋਂ ਕਦੇ ਮਜ਼ਦੂਰ ਦੇ ਹੱਕ ਦੀ ਗੱਲ ਨਹੀਂ ਹੋ ਸਕਦੀ, ਕਿਉਂਕਿ ਸੂਬੇ ਦੀ ਇਹ ਪਹਿਲੀ ਸਰਕਾਰ ਜਿਸ ਨੇ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕੰਮ ਦਿਹਾੜੀ ਸਮਾਂ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਨ੍ਹਾਂ ਘੱਟੋ ਘੱਟ ਉਜਰਤਾ 26000/ ਰੁਪਏ ਪ੍ਰਤੀ ਮਹੀਨਾ ਲਾਗੂ ਕਰਨ,ਚਾਰ ਲੇਬਰ ਕੋਡ ਰੱਦ ਕਰਨ ਅਤੇ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਸਮੇਤ ਮਜ਼ਦੂਰ ਮੰਗਾਂ ਨੂੰ ਫੌਰੀ ਲਾਗੂ ਕਰਨ ਦੀ ਮੰਗ ਕੀਤੀ। ਪੰਜਾਬ ਏਟਕ ਦੇ ਸੂਬਾਈ ਸੱਦੇ ’ਤੇ ਜੱਥੇਬੰਦੀ ਦੇ ਆਗੂਆਂ ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ ਦੀ ਅਗਵਾਈ ਹੇਠ ਮਜ਼ਦੂਰ ਮੰਗਾਂ ਸਬੰਧੀ ਲੇਬਰ ਚੌਂਕ ਵਿਖੇ ਮਾਨ ਸਰਕਾਰ ਦੀ ਅਰਥੀ ਫੂਕੀ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ।
ਅੰਤ ’ਚ ਏਟਕ ਆਗੂਆ ਰਤਨ ਭੋਲਾ ਅਤੇ ਬਲਵੰਤ ਸਿੰਘ ਫੱਕਰ ਨੇ 19 ਮਈ ਨੂੰ ਕਿਰਤ ਵਿਭਾਗ ਮੋਹਾਲੀ ਦਫ਼ਤਰ ਵਿਖੇ ਹੋ ਰਹੀ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਲ ਸਿੰਘ, ਰਾਮ ਸਿੰਘ ਬਰਨਾਲਾ, ਸੋਨੀ ਸਿੰਘ ਘਰਾਂਗਣਾ, ਗੁਰਪ੍ਰੀਤ ਕੋਟ ਲੱਲੂ, ਸੁਖਦੇਵ ਮੋਜ਼ੀਲਾ, ਗੋਗੀ ਸਿੰਘ ਮਾਨਸਾ, ਜੰਟਾ ਸਿੰਘ ਦਲੇਲ ਸਿੰਘ ਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।