ਪਿੰਡ ਫੱਤਾ ਮਾਲੋਕਾ ਤੋਂ ਝੰਡੂਕੇ-ਹੀਰਕੇ ਸੜਕ 18 ਫੁੱਟ ਚੌੜੀ ਹੋਵੇ
ਜ਼ਿਲ੍ਹਾ ਮਾਨਸਾ ਹਲਕਾ ਸਰਦੂਲਗੜ੍ਹ ’ਚ
Publish Date: Sat, 09 May 2026 07:13 PM (IST)
Updated Date: Sun, 10 May 2026 04:12 AM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਹਲਕਾ ਸਰਦੂਲਗੜ੍ਹ ’ਚ ਪੈਂਦੇ ਪਿੰਡ ਫੱਤਾ ਮਾਲੋਕਾ ਤੋਂ ਝੰਡੂਕੇ-ਹੀਰਕੇ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੀ ਮੁਰੰਮਤ ਤੇ ਸੜਕ 18 ਫੁੱਟ ਬਣਾਉਣ ਦੀ ਮੰਗ ਆਸ ਪਾਸ ਦੇ ਪਿੰਡ ਝੰਡੂਕੇ , ਹੀਰਕੇ, ਚੈਨੇਵਾਲਾ, ਆਲੀਕੇ ਵਾਸੀਆਂ ਤੇ ਰਾਹਗੀਰਾਂ ਵੱਲੋਂ ਬਹੁਤ ਸਮੇਂ ਤੋਂ ਕੀਤੀ ਜਾ ਰਹੀ ਹੈ। ਇੰਨ੍ਹਾਂ ਪਿੰਡਾਂ ਦੇ ਨਾਗਰਿਕਾਂ ਤੇ ਹੋਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਇਲਾਵਾ ਇਸ ਸੜਕ ਤੇ ਦੋਵੇਂ ਪਾਸੇ ਕਿਨਾਰਿਆਂ ‘ਤੇ ਲਗਾਏ ਰੁੱਖਾਂ ਦੀ ਕਟਾਈ ਕੀਤੀ ਜਾਵੇ। ਵੱਡੇ ਆਵਾਜਾਈ ਦੇ ਸਾਧਨਾਂ ਨਾਲ ਰੁੱਖ ਲੱਗਦੇ ਹਨ। ਇਸ ਕਾਰਨ ਆਉਣ ਜਾਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਾਲੀ ਦੀਆਂ ਗੱਠਾਂ ਤੇ ਤੂੜੀ ਵਾਲੀਆ ਗੱਡੀਆਂ, ਟਰਾਲੀਆਂ ਤਾਂ ਲੰਘ ਨਹੀਂ ਸਕਦੀਆਂ ਕਿਉਂਕਿ ਵੱਡਾ ਆਕਾਰ ਹੋਣ ਕਰਕੇ ਉੱਪਰ ਅਤੇ ਪਾਸਿਆਂ ਤੇ ਰੁੱਖ ਲੱਗ ਜਾਂਦੇ ਹਨ। ਹਾੜ੍ਹੀ, ਸਾਉਣੀ ਸਮੇਂ ਚੈਨੇਵਾਲਾ ਤੇ ਝੰਡੂਕੇ ਦੀ ਅਨਾਜ ਮੰਡੀ ‘ਚੋਂ ਫ਼ਸਲ ਚੁੱਕ ਕੇ ਲੈ ਕੇ ਜਾਂਦੇ ਭਾਰੀ ਵਾਹਨ ਟਰੱਕ, ਘੋੜੇ ਟਰਾਲੇ ਤੇ ਕੰਬਾਈਨਾਂ ਆਦਿ ਲੰਘਣ ਕਰਕੇ ਸੜਕ ਛੋਟੀ ਹੋਣ ਕਾਰਨ ਸਾਈਡ ਲੈਣ ਦੇਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ ਤੇ ਸੜਕ ਦੋਵਾਂ ਪਾਸਿਆਂ ਤੋਂ ਟੁੱਟ ਚੁੱਕੀ ਹੈ, ਖੱਡੇ ਵੀ ਪੈ ਗਏ ਹਨ। ਲੰਬੇ ਸਮੇਂ ਤੋਂ ਰਾਹਗੀਰਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਸਮੱਸਿਆ ਦੇ ਹੱਲ ਲਈ ਗ੍ਰਾਮ ਪੰਚਾਇਤ ਝੰਡੂਕੇ, ਗ੍ਰਾਮ ਪੰਚਾਇਤ ਆਲੀਕੇ, ਗ੍ਰਾਮ ਪੰਚਾਇਤ ਹੀਰਕੇ, ਗ੍ਰਾਮ ਪੰਚਾਇਤ ਚੈਨੇਵਾਲਾ ਤੇ ਕਿਸਾਨ ਆਗੂ ਤੋਤਾ ਸਿੰਘ ਧਾਲੀਵਾਲ, ਜਗਰਾਜ ਸਿੰਘ ਭੁੱਲਰ ਹੀਰਕੇ, ਸਾਹਿਬਬੀਰ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਬੱਸ ਮਾਲਕਾਂ ਤੇ ਚਾਲਕਾਂ ਵੱਲੋਂ ਅਪੀਲ ਹੈ ਕਿ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਤੇ ਸੜਕ 18 ਫੁੱਟ ਬਣਾਈ ਜਾਵੇ ਤਾਂ ਜੋ ਇਸ ਵੱਡੀ ਸਮੱਸਿਆ ਤੋਂ ਨਿਜਾਤ ਮਿਲ ਸਕੇ ਤੇ ਲੋਕ ਹਾਦਸਿਆਂ ਤੋਂ ਬਚ ਸਕਣ।