ਏਡੀਸੀ ਵਿਕਾਸ ਦਫ਼ਤਰ ਅੱਗੇ ਪੱਕਾ ਮੋਰਚਾ 34ਵੇਂ ਦਿਨ ਜਾਰੀ
ਮੁੱਖ ਮੰਤਰੀ ਮਾਨ ਪ੍ਰਵਾਸੀ ਲੋਕਾਂ ਦੇ ਪੰਜਾਬ ’ਚ ਰਹਿਣ ਲਈ
Publish Date: Thu, 18 Sep 2025 05:54 PM (IST)
Updated Date: Thu, 18 Sep 2025 05:56 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਮੁੱਖ ਮੰਤਰੀ ਮਾਨ ਪਰਵਾਸੀ ਲੋਕਾਂ ਦੇ ਪੰਜਾਬ ’ਚ ਰਹਿਣ ਲਈ ਸਖ਼ਤ ਨਿਯਮ ਤਹਿ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਤੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਵੱਲੋਂ ਏਡੀਸੀ ਵਿਕਾਸ ਦਫ਼ਤਰ ਅੱਗੇ ਜਾਰੀ ਪੱਕੇ ਮੋਰਚੇ ਦੇ 34 ਵੇ ਦਿਨ ਮਜ਼ਦੂਰ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਧਰਨੇ ਤੇ ਪਿੰਡ ਕਲਾਣਾ ਦੇ ਸਰਪੰਚ ਕਰਮ ਸਿੰਘ ਅਤੇ ਪਿੰਡ ਤਾਮਕੋਟ ਦੇ ਸਰਪੰਚ ਜਗਦੀਪ ਸਿੰਘ ਨੇ ਵੀ ਮਜ਼ਦੂਰ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੇ ਜੁਰਮ ਲਈ ਸਾਰੇ ਪਰਵਾਸੀ ਭਾਈਚਾਰੇ ਖ਼ਿਲਾਫ਼ ਨਫ਼ਰਤੀ ਹਮਲੇ ਕਰਨ ਦੀ ਥਾਂ ਪੰਜਾਬੀ ਸਰਕਾਰ ’ਤੇ ਪ੍ਰਵਾਸੀ ਲੋਕਾਂ ਲਈ ਸਖ਼ਤ ਕਾਨੂੰਨੀ ਨਿਯਮ ਬਣਾਉਣ ਲਈ ਦਬਾਅ ਪਾਉਣ। ਉਨ੍ਹਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਬਚਾਉਣ ਲਈ ਪ੍ਰਵਾਸੀ ਲੋਕਾਂ ਦੀਆਂ ਵੋਟਾਂ ਅਤੇ ਜ਼ਮੀਨ ਖਰੀਦਣ ਤੇ ਪਾਬੰਦੀ ਲਾਵੇ। ਇਸੇ ਤਰ੍ਹਾਂ ਸਰਕਾਰ ਪੰਜਾਬ ਅੰਦਰ ਲੱਗਣ ਵਾਲੇ ਉਦਯੋਗਾਂ ’ਚ 80 ਫ਼ੀਸਦੀ ਪੰਜਾਬੀਆਂ ਦੇ ਰੁਜ਼ਗਾਰ ਦੀ ਗਾਰੰਟੀ ਕਾਨੂੰਨ ਲਾਗੂ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਨੀਤੀਆਂ ਕਾਰਨ ਹੜ੍ਹਾਂ ਚ ਡੁੱਬੇ ਪੰਜਾਬ, ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖ਼ਤਮ ਕਰਨਾ, ਅਤੇ ਹੜ੍ਹਾਂ ਤੇ ਮੀਹਾਂ ਕਾਰਨ ਕਿਸਾਨਾਂ ਦੀ ਫ਼ਸਲਾ ਤੇ ਮਜ਼ਦੂਰ ਦੇ ਨੁਕਸਾਨੇ ਘਰਾਂ ਦੇ ਯੋਗ ਮੁਆਵਜ਼ਾ, ਕਾਰਪੋਰੇਟ ਕੰਪਨੀਆਂ ਵੱਲੋਂ ਸੱਤਾਧਾਰੀ ਹਾਕਮਾਂ ਨਾਲ ਮਿਲ ਜਨਤਾ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਵਰਗੇ ਅਹਿਮ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕਿਰਤੀ ਵਰਗ ਖ਼ਿਲਾਫ਼ ਫਿਰਕੂ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਫ਼ਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਜਥੇਬੰਦ ਹੋਣ। ਉਨ੍ਹਾਂ ਕਿਹਾ ਕਿ ਰਾਜ ਅੰਦਰ ਗੈਰ ਪੰਜਾਬੀਆਂ ਦੀ ਵੱਧ ਰਹੀ ਅਬਾਦੀ ਲਈ ਪੂੰਜੀਪਤੀਆਂ ਤੇ ਪੇਂਡੂ ਧਨਾਢਾਂ ਦੀ ਲੋਟੂ ਮਾਨਸਿਕਤਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਦੇ ਬੰਦ ਕੀਤੇ ਕੰਮਾਂ ਦੀ ਬਹਾਲੀ ਤੱਕ ਮਜ਼ਦੂਰਾਂ ਦਾਂ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਮਜ਼ਦੂਰ ਆਗੂ ਜਰਨੈਲ ਸਿੰਘ ਮਾਨਸਾ, ਭੀਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗੁਰੂ, ਰਣਜੀਤ ਕੌਰ ਬੁਰਜ ਢਿੱਲਵਾਂ, ਬਲਵੀਰ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ ਵੀ ਮੌਜੂਦ ਸਨ।