ਬੀਤੇ ਦਿਨੀ ਸਰਦੂਲਗੜ੍ਹ ਪੁਲਿਸ ਵੱਲੋਂ

-ਕੌਂਸਲਰ ਵਰਿੰਦਰ ਸਿੰਘ ਅਨੁਸਾਰ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਆਪਣੇ ਵਾਅਦੇ ਤੋਂ ਮੁੱਕਰੇ
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਪੁਲਿਸ ਵੱਲੋਂ ਸ਼ਹਿਰ ਦੇ ਵਾਰਡ ਨੰਬਰ.5 ਵਿੱਚ ਰੇਡ ਕਰਕੇ ਇੱਕ ਨੌਜਵਾਨ ਨੂੰ ਨਸ਼ੇ ਦੇ ਕੇਸ ਵਿੱਚ ਚੁੱਕ ਕੇ ਥਾਣੇ ਲਿਆਂਦਾ ਅਤੇ ਉਸ ‘ਤੇ ਐਨਡੀਪੀਸੀ ਕਾਨੂੰਨ ਤਹਿਤ ਪਰਚਾ ਦੇ ਦਿੱਤਾ ਸੀ। ਪਰ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਨੂੰ ਬੇਕਸੂਰ ਦੱਸਿਆ ਹੈ। ਪੁਲਿਸ ਨੇ ਬਿਨ੍ਹਾਂ ਕਿਸੇ ਬਰਾਮਦਗੀ ਦੇ ਉਸ ‘ਤੇਰ ਨਸ਼ੇ ਸਬੰਧੀ ਪਰਚਾ ਦੇ ਦਿੱਤਾ ਹੈ। ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਵਾਰਡ ਵਾਸੀਆਂ ਅਤੇ ਵਾਰਡ ਦੇ ਕੌਂਸਲਰ ਨੂੰ ਨਾਲ ਲੈ ਕੇ ਪਹਿਲਾਂ ਥਾਣੇ ਮੂਹਰੇ ਧਰਨਾ ਲਗਾਇਆ ਅਤੇ ਉਸ ਬਾਅਦ ਨੌਜਵਾਨ ਦੀ ਮਾਤਾ ਅਤੇ ਪੁੱਤਰ ਮੋਬਾਈਲ ਟਾਵਰ ‘ਤੇ ਚੜ੍ਹ ਗਏ। ਉਹ ਮੰਗ ਕਰਨ ਲੱਗੇ ਕਿ ਜਦ ਤੱਕ ਉਨ੍ਹਾਂ ਦੇ ਪੁੱਤਰ ਵਿਰੁੱਧ ਦਰਜ ਕੀਤਾ ਮੁਕੱਦਮਾ ਵਾਪਸ ਨਹੀਂ ਲਿਆ ਜਾਂਦਾ। ਉਹ ਟਾਵਰ ਤੋਂ ਨਹੀਂ ਉਤਰਣਗੇ ਤਾਂ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਨੇ ਉੱਥੇ ਪਹੁੰਚ ਕੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿਵਾਇਆ ਕਿ ਕੁਝ ਦਿਨਾਂ ਵਿੱਚ ਇਸ ਮਾਮਲੇ ਦੀ ਜਾਂਚ ਕਰਵਾ ਕੇ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਬਾਅਦ ਮਾਤਾ ਅਤੇ ਉਸ ਦਾ ਪੋਤਾ ਟਾਵਰ ਤੋਂ ਹੇਠਾਂ ਆ ਗਏ।
ਉਸ ਦੇ ਬਾਅਦ ਮਾਮਲੇ ਨੂੰ ਲੈ ਕੇ ਅੱਜ ਨੌਜਵਾਨ ਗੁਰਪਿਆਰ ਸਿੰਘ ਦੀ ਮਾਤਾ ਤੇ ਪੁੱਤਰ, ਵਾਰਡ ਦਾ ਕੌਂਸਲਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਉਪ ਕਪਤਾਨ ਪੁਲਿਸ ਨੂੰ ਮਿਲੇ ਅਤੇ ਨੌਜਵਾਨ ਨੂੰ ਕੀਤੇ ਵਾਅਦੇ ਮੁਤਾਬਕ ਰਿਹਾਅ ਕਰਨ ਦੀ ਅਪੀਲ ਕੀਤੀ। ਪਰ ਮਸਲੇ ਦਾ ਕੋਈ ਹੱਲ ਨਾ ਹੁੰਦਾ ਹੋਇਆ ਦਿਖਿਆ ਤਾਂ ਪਰਿਵਾਰਿਕ ਮੈਂਬਰਾਂ ਅਤੇ ਕੌਂਸਲਰ ਨੇ ਰੋਸ ਜਤਾਇਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ੍ਹੀਂ ਜਦੋਂ ਨੌਜਵਾਨ ਗੁਰਪਿਆਰ ਸਿੰਘ ਦੀ ਮਾਤਾ ਅਤੇ ਪੁੱਤਰ ਗੁਰਪਿਆਰ ਸਿੰਘ ਦੀ ਰਿਹਾਈ ਲਈ ਟਾਵਰ ਤੇ ਚੜ੍ਹ ਗਏ ਸਨ ਤਾਂ ਉਪ ਕਪਤਾਨ ਪੁਲਿਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕੁਝ ਦਿਨਾਂ ਵਿੱਚ ਕੇਸ ਦੀ ਜਾਂਚ ਦੁਆਰਾ ਕਰਕੇ ਗੁਰਪਿਆਰ ਸਿੰਘ ਦਾ ਕੇਸ ਦੇਖਣਗੇ। ਰੋਸ ਜਤਾਉਣ ਵਾਲਿਆਂ ਨੇ ਕਿਹਾ ਕਿ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਰੋਸ ਜਤਾਉਣਾ ਪੈ ਰਿਹਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਗੁਰਪਿਆਰ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਪੁਲਿਸ ਵਿਰੁੱਧ ਸੰਘਰਸ਼ ਛੇੜ ਦਿੱਤਾ ਜਾਵੇਗਾ ਅਤੇ ਜਰੂਰਤ ਪਈ ਤਾਂ ਕੌਮੀ ਮਾਰਗ ‘ਤੇ ਬਣਿਆ ਘੱਗਰ ਪੁੱਲ ਬੰਦ ਕਰਕੇ ਆਵਾਜਾਈ ਵੀ ਠੱਪ ਕੀਤੀ ਜਾਵੇਗੀ।
ਇਸ ਸਬੰਧੀ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੌਜਵਾਨ ਗੁਰਪਿਆਰ ਸਿੰਘ ’ਤੇ ਪਹਿਲਾ ਤੋਂ ਹੀ ਚੋਰੀ ਤੇ ਨਸ਼ੇ ਦੇ 12 ਮੁਕਦਮੇ ਦਰਜ ਹਨ। ਇਹ 13ਵਾਂ ਮੁਕਦਮਾ ਦਰਜ ਹੋਇਆ ਹੈ। ਵਾਰਡ ਨੰਬਰ.5 ਉਂਝ ਵੀ ਨਸ਼ੇ ਦਾ ਅਹਿਮ ਸਥਾਨ ਮੰਨਿਆ ਜਾਂਦਾ ਹੈ, ਜਿੱਥੇ ਕਿ ਪੁਲਿਸ ਵੱਲੋਂ ਨਸ਼ੇ ਦੀ ਰੋਕਥਾਮ ਲਈ ਸਮੇਂ-ਸਮੇਂ ’ਤੇ ਛਾਪੇਮਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਨੂੰ ਇਹ ਕਿਹਾ ਗਿਆ ਸੀ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾਵੇਗੀ ਜੇਕਰ ਤਫਤੀਸ਼ ਦੌਰਾਨ ਪਾਇਆ ਕਿ ਉਹ ਨੌਜਵਾਨ ਦੀ ਨਸ਼ੇ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ ਤਾਂ ਉਸ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਜੇਕਰ ਨਸ਼ੇ ਸਬੰਧੀ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਦ ਸੋਮਵਾਰ ਨੂੰ ਧਰਨਾ ਪ੍ਰਦਰਸ਼ਨ ਤੇ ਘੱਗਰ ਪੁੱਲ ਰੋਕਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਸ਼ੇ ਨਾਲ ਜੁੜੇ ਵਿਅਕਤੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਨਾ ਅਤੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨਾ ਮਾੜੀ ਗੱਲ ਹੈ। ਕਾਨੂੰਨ ਕਦੇ ਵੀ ਇਸ ਦੀ ਇਜਾਜ਼ਤ ਨਹੀਂ ਦਿੰਦਾ। ਬਾਕੀ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।