ਸਿਰਸਾ ਜ਼ਿਲ੍ਹੇ ਦੇ ਪਿੰਡ ਫੱਗੂ ਵਿਖੇ ਸਥਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਰਸਾ ਜ਼ਿਲ੍ਹੇ ਦੇ ਪਿੰਡ ਫੱਗੂ ਵਿਖੇ ਸਥਿਤ ਡਿਵਾਈਨ ਪਬਲਿਕ ਸਕੂਲ ਵਿੱਚ ਵਿਸਾਖੀ ਦਾ ਪਵਿੱਤਰ ਅਤੇ ਇਤਿਹਾਸਕ ਤਿਉਹਾਰ ਜੋਸ਼, ਉਤਸ਼ਾਹ ਅਤੇ ਧਾਰਮਿਕ ਭਾਵਨਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਹੜੇ ਨੂੰ ਰੰਗ ਬਰੰਗੀਆਂ ਝੰਡੀਆਂ, ਫੁੱਲਾਂ ਅਤੇ ਪੰਜਾਬੀ ਸੱਭਿਆਚਾਰਕ ਝਲਕਾਂ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ।
ਇਸ ਨਾਲ ਹਰ ਪਾਸੇ ਤਿਉਹਾਰੀ ਰੌਣਕ ਦੇਖਣ ਨੂੰ ਮਿਲੀ। ਕਾਰਜਕ੍ਰਮ ਦੀ ਸ਼ੁਰੂਆਤ ਵੈਸਾਖੀ ਦੇ ਮਹੱਤਵ ਨੂੰ ਯਾਦ ਕਰਦੇ ਹੋਏ ਕੀਤੀ ਗਈ, ਜਿਸ ਦੌਰਾਨ ਵਿਦਿਆਰਥੀਆਂ ਨੂੰ ਇਸ ਪਵਿੱਤਰ ਦਿਨ ਦੇ ਇਤਿਹਾਸਕ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਬਾਅਦ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗ ਬਿਰੰਗੇ ਸੱਭਿਆਚਾਰਕ ਪ੍ਰੋਗਰਾਮ ਸਮਾਗਮ ਦੀ ਖਾਸ ਸ਼ਾਨ ਬਣੇ। ਭੰਗੜਾ, ਗਿੱਧਾ, ਕਵਿਤਾਵਾਂ, ਗੀਤ ਤੇ ਨਾਟਕਾਂ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਵਿਰਸੇ ਅਤੇ ਖੁਸ਼ਹਾਲੀ ਦਾ ਸੁਨੇਹਾ ਦਿੱਤਾ। ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ, ਜਦਕਿ ਵੱਡੇ ਵਿਦਿਆਰਥੀਆਂ ਦੇ ਜੋਸ਼ੀਲੇ ਭੰਗੜੇ ਤੇ ਗਿੱਧੇ ਨੇ ਪੂਰੇ ਮਾਹੌਲ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ। ਦਰਸ਼ਕਾਂ ਵੱਲੋਂ ਤਾਲੀਆਂ ਦੀ ਗੂੰਜ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਸਮਾਗਮ ਵਿੱਚ ਸਕੂਲ ਦੇ ਚੇਅਰਪ੍ਰਸਨ ਦੀਪਕ ਗਾਬਾ ਤੇ ਮਨੀ ਗਾਬਾ ਦੀ ਖ਼ਾਸ ਹਾਜ਼ਰੀ ਰਹੀ। ਇਸਦੇ ਨਾਲ ਹੀ ਪ੍ਰਿੰਸਿਪਲ ਸੰਦੀਪ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਸਿਖਾ ਨੇ ਵੀ ਆਪਣੀ ਮੌਜੂਦਗੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ ਅਤੇ ਨੌਜਵਾਨ ਪੀੜ੍ਹੀ ਵਿੱਚ ਆਪਣੇ ਵਿਰਸੇ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਦੇ ਹਨ। ਵਿਸਾਖੀ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਖੁਸ਼ਹਾਲੀ, ਮਿਹਨਤ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੀ ਸੱਭਿਆਚਾਰਕ ਜੜ੍ਹਾਂ ਨੂੰ ਵੀ ਮਜ਼ਬੂਤ ਰੱਖਣ। ਅੰਤ ’ਚ ਸਭ ਨੇ ਮਿਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਨੂੰ ਯਾਦਗਾਰ ਬਣਾਇਆ। ਇਸ ਮੌਕੇ ਅਧਿਆਪਕਾਂ ਪਰਨਦੀਪ ਕੌਰ, ਪਰਮਪ੍ਰੀਤ ਕੌਰ, ਮਨਜੀਤ ਕੌਰ ਨਸੀਬ ਸਿੰਘ/ਨਰਿੰਦਰ ਸ਼ਰਮਾ (ਡੀਪੀ) ਸਾਰਾ ਹੀ ਸਟਾਫ਼, ਟੀਮ ਮਲੂਕ ਸਿੰਘ ਅਤੇ ਵਿਦਿਆਰਥੀਆਂ ਵਿਚਕਾਰ ਖੁਸ਼ੀ ਤੇ ਉਤਸ਼ਾਹ ਦਾ ਵਿਲੱਖਣ ਮਾਹੌਲ ਦੇਖਣ ਨੂੰ ਮਿਲਿਆ। ਇਹ ਸਮਾਗਮ ਨਾ ਸਿਰਫ਼ ਮਨੋਰੰਜਨ ਅਤੇ ਰੰਗਾਰੰਗ ਪ੍ਰੋਗਰਾਮਾਂ ਨਾਲ ਭਰਪੂਰ ਸੀ, ਸਗੋਂ ਇਸ ਨੇ ਵਿਦਿਆਰਥੀਆਂ ਵਿੱਚ ਪੰਜਾਬੀ ਸੱਭਿਆਚਾਰ, ਰਿਵਾਜਾਂ ਤੇ ਵਿਰਸੇ ਪ੍ਰਤੀ ਪਿਆਰ ਤੇ ਸਨਮਾਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਡਿਵਾਈਨ ਪਬਲਿਕ ਸਕੂਲ ਵੱਲੋਂ ਆਯੋਜਿਤ ਇਹ ਵਿਸਾਖੀ ਸਮਾਗਮ ਹਰ ਪੱਖੋਂ ਕਾਮਯਾਬ ਅਤੇ ਯਾਦਗਾਰ ਸਾਬਤ ਹੋਇਆ।