ਸੜਕ ਬਣਾਉਣ ਦੇ ਨਾਂ ’ਤੇ ਵੰਡੀਆਂ ਜਾ ਰਹੀਆਂ ਬੀਮਾਰੀਆਂ : ਐਡ. ਉੱਡਤ
ਬਦਲਾਅ ਵਾਲੀ ਮਾਨ ਸਰਕਾਰ ਸੜਕ ਬਣਾਉਣ
Publish Date: Fri, 13 Mar 2026 08:26 PM (IST)
Updated Date: Sat, 14 Mar 2026 04:13 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਸਰਕਾਰ ਸੜਕ ਬਣਾਉਣ ਦੇ ਨਾਮ ਤੇ ਪਿੰਡ ਉੱਡਤ ਭਗਤ ਰਾਮ ਦੇ ਵਾਸੀਆਂ ਨੂੰ ਭਿਆਨਕ ਬੀਮਾਰੀਆ ਵੰਡ ਰਹੀ ਹੈ। ਉੱਡਤ ਭਗਤ ਰਾਮ ਤੋਂ ਛਾਪਿਆਂਵਾਲੀ, ਰਾਏਪੁਰ ਲੋਕਲ ਸੜਕ ਬਣਾਉਣ ਲਈ ਠੇਕੇਦਾਰ ਨੇ ਪੁੱਟ ਦਿੱਤੀ ਅਤੇ ਪਿੰਡ ਉੱਡਤ ਭਗਤ ਰਾਮ ਦੀ ਫ਼ਿਰਨੀ ਤੇ ਥਰਮਲ ਪਲਾਟ ‘ਚੋਂ ਨਿਕਲੀ ਗੰਦੀ ਸਵਾਹ ਪਾ ਦਿੱਤੀ। ਇਸ ਨਾਲ ਪਿੰਡ ਵਾਸੀਆ ਦਾ ਬੁਰਾ ਹਾਲ ਹੈ। ਇਹ ਸਵਾਹ ਲੋਕਾਂ ਦੇ ਘਰਾਂ ਵਿੱਚ ਉੱਡ ਕੇ ਦਾਖਲ ਹੋ ਰਹੀ ਹੈ। ਲੋਕਾਂ ਤੇ ਪਸ਼ੂਆਂ ਨੂੰ ਬੀਮਾਰ ਕਰ ਰਹੀ ਹੈ। ਦਮੇ, ਸਾਹ ਦੇ ਮਰੀਜ਼ਾਂ ਦਾ ਜਿਊਣਾ ਦੁੱਭਰ ਹੋ ਚੁੱਕਿਆ ਹੈ। ਇਹ ਦੋਸ਼ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਲਗਾਏ। ਉਨ੍ਹਾਂ ਕਿਹਾ ਕਿ ਠੇਕੇਦਾਰ ਪਤਾ ਨਹੀਂ ਕਿਥੇ ਚਲਿਆ ਗਿਆ ਅਤੇ ਲੋਕਾਂ ਤੇ ਪੰਚਾਇਤ ਦੇ ਕਹਿਣ ਦੇ ਬਾਵਜੂਦ ਟੱਸ ਤੋ ਮੱਸ ਨਹੀਂ ਹੋ ਰਿਹਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਵੱਲ ਫ਼ੌਰੀ ਤੌਰ ‘ਤੇ ਧਿਆਨ ਦੇਣ ਤੇ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਈ ਕੀਤੀ ਜਾਵੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਥੀ ਗੁਰਸੇਵਕ ਸਿੰਘ, ਸੁਰਜੀਤ ਮਿੱਧਾ, ਸਰਦੂਲ ਸਿੰਘ, ਜੱਸਾ ਸਿੰਘ, ਰਾਮਲਾਲ ਸਰਮਾ, ਪੱਪੀ ਸਿੰਘ ਪਰਜਾਪਤ, ਮੱਖਣ ਰਾਮ ਪੰਡਤ, ਤੇਜਾ ਖਾ, ਜਗਦੀਸ ਰਾਮ ਸ਼ਰਮਾ, ਮਾਧਾ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।