ਅੰਨਦਾਤਾ ਦੀ ਮਜਬੂਰੀ! ਫ਼ਸਲ ਦੇ ਨੁਕਸਾਨ ਨੇ ਤੋੜਿਆ ਲੱਕ, ਕਣਕ ਦਾ ਝਾੜ ਘੱਟ ਨਿਕਲਣ ਕਾਰਨ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਨੇੜਲੇ ਪਿੰਡ ਲਹਿਰਾ ਧੂਰਕੋਟ ਦੇ ਕਿਸਾਨ ਜਗਰੂਪ ਸਿੰਘ ( 45 ) ਪੁੱਤਰ ਕਰਨੈਲ ਸਿੰਘ ਨੇ ਕਰਜ਼ੇ ਦੇ ਬੋਝ ਅਤੇ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਲਗਪਗ ਢਾਈ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਦੋ ਬੈਂਕਾਂ ਦੇ ਨਾਲ-ਨਾਲ ਆੜ੍ਹਤੀਏ ਦਾ ਵੀ ਕਰਜਈ ਸੀ।
Publish Date: Mon, 20 Apr 2026 03:38 PM (IST)
Updated Date: Mon, 20 Apr 2026 03:42 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ। ਨੇੜਲੇ ਪਿੰਡ ਲਹਿਰਾ ਧੂਰਕੋਟ ਦੇ ਕਿਸਾਨ ਜਗਰੂਪ ਸਿੰਘ ( 45 ) ਪੁੱਤਰ ਕਰਨੈਲ ਸਿੰਘ ਨੇ ਕਰਜ਼ੇ ਦੇ ਬੋਝ ਅਤੇ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਲਗਪਗ ਢਾਈ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਦੋ ਬੈਂਕਾਂ ਦੇ ਨਾਲ-ਨਾਲ ਆੜ੍ਹਤੀਏ ਦਾ ਵੀ ਕਰਜਈ ਸੀ।
ਜਾਣਕਾਰੀ ਮੁਤਾਬਕ ਜਗਰੂਪ ਸਿੰਘ ਨੇ ਕਣਕ ਦੇ ਘੱਟ ਝਾੜ ਨਿਕਲਣ ਤੋਂ ਪਰੇਸ਼ਾਨ ਹੋਣ ਕਰਕੇ ਬੀਤੀ 18 ਅਪ੍ਰੈਲ ਨੂੰ ਜ਼ਹਿਰੀਲੀ ਸਪਰੇਅ ਪੀ ਲਈ ਸੀ। ਉਸਦੀ ਹਾਲਤ ਗੰਭੀਰ ਬਣ ਗਈ ਸੀ ਅਤੇ ਇਲਾਜ ਦੌਰਾਨ ਅੱਜ ਉਸਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰ ਵਿੱਚ ਉਸਦੀ ਮਾਤਾ, ਪਤਨੀ ਅਤੇ ਇੱਕ ਬੇਟਾ ਸ਼ਾਮਲ ਹੈ, ਜੋ ਇਸ ਵੇਲੇ ਬਾਰਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ। ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪਹੁੰਚ ਕੇ ਬਣਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ।
ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁੱਖਦੇਵ ਸਿੰਘ ਰਾਮਪੁਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਦੇ ਪੁੱਤਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।