ਹਲਕਾ ਬਰੇਟਾ ਅਤੇ ਮਾਨਸਾ ਜ਼ਿਲ੍ਹੇ ਦੇ

-ਮੰਡੀਆਂ ’ਚ ਕਿਸਾਨ, ਆੜ੍ਹਤੀ ਤੇ ਮਜ਼ਦੂਰਾਂ ਦੀ ਹਾਲਤ ਤਰਸਯੋਗ : ਕੁਲਵੰਤ ਰਾਏ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਹਲਕਾ ਬਰੇਟਾ ਅਤੇ ਮਾਨਸਾ ਜ਼ਿਲ੍ਹੇ ਦੇ ਇਲਾਕਿਆਂ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੇ ਇੱਕ ਵਾਰ ਫ਼ਿਰ ਸਰਕਾਰੀ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਵੱਲੋਂ ਅੱਜ ਬਖਸ਼ੀਵਾਲਾ, ਕਾਹਨਗੜ੍ਹ, ਕੁਲਰੀਆਂ ਅਤੇ ਬਰੇਟਾ ਦੀ ਦਾਣਾ ਮੰਡੀ ਦਾ ਵਿਸਥਾਰ ਨਾਲ ਦੌਰਾ ਕਰਦਿਆਂ ਮੌਕੇ ’ਤੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ।
ਦੌਰੇ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਨੇ ਸਪੱਸ਼ਟ ਕੀਤਾ ਕਿ ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਤੇ ਲਿਫ਼ਟਿੰਗ ਪ੍ਰਬੰਧ ਬਹੁਤ ਹੀ ਸੁਸਤ ਗਤੀ ਨਾਲ ਚੱਲ ਰਹੇ ਹਨ, ਜਿਸ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਦੌਰੇ ਦੌਰਾਨ ਕਿਸਾਨਾਂ ਨੇ ਖੁੱਲ੍ਹ ਕੇ ਆਪਣਾ ਗੁੱਸਾ ਪ੍ਰਗਟਾਉਂਦਿਆਂ ਦੱਸਿਆ ਕਿ ਕਈ ਮੰਡੀਆਂ ’ਚ ਅਜੇ ਤੱਕ ਖ਼ਰੀਦ ਪ੍ਰਕਿਰਿਆ ਢੰਗ ਨਾਲ ਸ਼ੁਰੂ ਨਹੀਂ ਹੋਈ, ਜਿਸ ਕਾਰਨ ਉਹ ਆਪਣੀ ਫ਼ਸਲ ਲੈ ਕੇ ਕਈ ਦਿਨਾਂ ਤੋਂ ਮੰਡੀਆਂ ਵਿਚ ਬੈਠਣ ਲਈ ਮਜ਼ਬੂਰ ਹਨ। ਕਿਸਾਨ ਸਵਰਨ ਸਿੰਘ ਨੇ ਕਿਹਾ ਕਿ “ਸਾਡੀ ਫ਼ਸਲ ਤਿਆਰ ਹੈ, ਪਰ ਮੰਡੀਆਂ ਵਿੱਚ ਕੋਈ ਪੁੱਛਣ ਵਾਲਾ ਨਹੀਂ।
ਕਿਸਾਨਾਂ ਅਨੁਸਾਰ ਕਣਕ ਦੀ ਖਰੀਦ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੀ ਹੈ ਅਤੇ ਕਈ ਥਾਵਾਂ ‘ਤੇ ਬੋਲੀ ਪ੍ਰਕਿਰਿਆ ’ਚ ਵੀ ਦੇਰੀ ਹੋ ਰਹੀ ਹੈ। ਕੁਲਵੰਤ ਰਾਏ ਸਿੰਗਲਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ’ਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਤੇ ਜੇ ਉਨ੍ਹਾਂ ਨੂੰ ਆਪਣੀ ਉਪਜ ਵੇਚਣ ਵਿੱਚ ਹੀ ਇੰਨ੍ਹੀਆਂ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਇਹ ਸਰਕਾਰ ਦੀ ਵੱਡੀ ਨਾਕਾਮੀ ਨੂੰ ਦਰਸਾਉਂਦਾ ਹੈ। ਮੰਡੀਆਂ ’ਚ ਮਜ਼ਦੂਰਾਂ ਤੇ ਵਾਹਨਾਂ ਦੀ ਘਾਟ ਵੀ ਇੱਕ ਵੱਡਾ ਕਾਰਨ ਹੈ, ਜਿਸ ਕਰਕੇ ਲਿਫ਼ਟਿੰਗ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਸਫ਼ਾਈ ਪ੍ਰਬੰਧ ਵੀ ਕਈ ਥਾਵਾਂ ’ਤੇ ਖ਼ਰਾਬ ਹਾਲਤ ’ਚ ਮਿਲੇ। ਉਨ੍ਹਾਂ ਨੇ ਮੰਗ ਕੀਤੀ ਕਿ ਖ਼ਰੀਦ ਦੀ ਗਤੀ ਨੂੰ ਤੇਜ਼ ਕੀਤਾ ਜਾਵੇ, ਲਿਫ਼ਟਿੰਗ ਪ੍ਰਕਿਰਿਆ ਨੂੰ ਸੁਧਾਰਿਆ ਜਾਵੇ ਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕੀਤਾ ਜਾਵੇ।
ਅੰਤ ’ਚ ਕੁਲਵੰਤ ਰਾਏ ਸਿੰਗਲਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਹੱਕਾਂ ਲਈ ਲੜਦੀ ਰਹੇਗੀ। ਇਸ ਦੌਰੇ ਨੇ ਮੰਡੀਆਂ ਵਿੱਚ ਚੱਲ ਰਹੀਆਂ ਅਸਲ ਸਮੱਸਿਆਵਾਂ ਨੂੰ ਉਜਾਗਰ ਕਰ ਦਿੱਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਸਿਰਫ਼ ਦਾਅਵੇ ਨਾ ਕਰੇ, ਸਗੋਂ ਜ਼ਮੀਨੀ ਪੱਧਰ ‘ਤੇ ਪੱਕੇ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਤਾਂ ਜੋ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਫ਼ਲ ਮਿਲ ਸਕੇ। ਇਸ ਮੌਕੇ ਸਵਰਨ ਸਿੰਘ, ਸਤਗੁਰ ਸਿੰਘ ਜਲਵੇੜਾ, ਮੱਖਣ ਸ਼ਰਮਾ, ਗੁਰਮੀਤ ਬਾਵਾ, ਅਨੂ ਸ਼ਰਮਾ, ਰਵੀਇੰਦਰ ਸਿੰਘ ਸੇਖੋਂ, ਮੋਹਨ ਸਿੰਘ, ਜਸਵੀਰ ਸਿੰਘ, ਦਲਵਿੰਦਰ ਸਿੰਘ, ਸੁਮਿਤ ਡਸਕਾ, ਬਾਬਰਾ ਸੇਨ, ਗੁਰਜੰਟ ਸਿੰਘ, ਲਾਲੂ ਭਾਰਦਵਾਜ, ਸੁਰੇਸ਼ ਸ਼ਰਮਾ, ਜਸਵੰਤ ਸਿੰਘ ਕਾਹਨਗੜ੍ਹ ਆਦਿ ਵਰਕਰ ਹਾਜ਼ਰ ਸਨ।