ਮਾਨਸਾ ਵਿੱਚ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ

-ਪੁਲਿਸ ਮੁਲਾਜ਼ਮਾਂ ਨੇ ਵਿਧਾਇਕ ਨੂੰ ਲੋਕਾਂ ’ਚੋਂ ਕੱਢ ਕੇ ਗੱਡੀ ’ਚ ਬਿਠਾਇਆ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਵਿੱਚ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਵੱਲੋਂ ਭਰੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਵਿਧਾਇਕ ਡਾ. ਵਿਜੇ ਸਿੰਗਲਾ ਦਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਇੱਕ ਉਮੀਦਵਾਰ ਦੇ ਕਾਗਜ਼ ਰੱਦ ਕਰਵਾਉਣ ਦੀ ਕੋਸ਼ਿਸ ਦਾ ਦੋਸ਼ ਲਗਾਉਂਦਿਆਂ ਘੇਰ ਕੇ ਵਿਰੋਧ ਕੀਤਾ। ਮਾਹੌਲ ਵਿਗੜਦਾ ਦੇਖ ਪੁਲਿਸ ਮੁਲਾਜ਼ਮਾਂ ਨੇ ਡਾ. ਵਿਜੇ ਸਿੰਗਲਾ ਨੂੰ ਇਕੱਠ ਵਿੱਚੋਂ ਕੱਢ ਕੇ ਤੁਰੰਤ ਗੱਡੀ ਵਿੱਚ ਬਿਠਾ ਦਿੱਤਾ। ਜਾਣਕਾਰੀ ਅਨੁਸਾਰ ਵਾਰਡ-18 ਤੋਂ ਆਜ਼ਾਦ ਉਮੀਦਵਾਰ ਅਰਪਿਤ ਚੌਧਰੀ ਨੇ ਦੋਸ਼ ਲਾਇਆ ਕਿ ਉਸਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਮੌਕੇ ’ਤੇ ਮੌਜੂਦ ਵਰਕਰਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ।
ਹਾਲਾਤ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਦਖ਼ਲ ਦਿੰਦਿਆਂ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਸੁਰੱਖਿਅਤ ਤਰੀਕੇ ਨਾਲ ਉਥੋਂ ਬਾਹਰ ਕੱਢਿਆ। ਇਸ ਦੌਰਾਨ ਕੁਝ ਸਮੇਂ ਲਈ ਧੱਕਾ-ਮੁੱਕੀ ਦੀ ਸਥਿਤੀ ਵੀ ਬਣ ਗਈ, ਜਿਸ ਕਾਰਨ ਮੌਕੇ ‘ਤੇ ਹੜਕੰਪ ਮਚ ਗਿਆ। ਅਰਪਿਤ ਚੌਧਰੀ ਨੇ ਕਿਹਾ ਕਿ ਉਹ ਵਾਰਡ ਨੰਬਰ. 18 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਮੰਗ ਕੀਤੀ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾਵੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਗਾਂਧੀ ਗੋਲਡੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਆਰਟੀਆਈ ਐਕਟੀਵਿਜਸਟ, ਮਾਣਿਕ ਗੋਇਲ, ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ, ਭਾਜਪਾ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਹੋਰਾਂ ਨੇ ਵਿਰੋਧ ਕਰਦਿਆਂ ਕਿ ਇਹ ਧੱਕਾ ਹੋ ਰਿਹਾ ਹੈ, ਜਿਹੜੇ ਉਮੀਦਵਾਰ ਜਿੱਤਣ ਦੀ ਸਮਰੱਥਾ ਰੱਖਦੇ ਹਨ, ਉਨ੍ਹਾਂ ਦੇ ਕਾਗਜ਼ ਰੱਦ ਕਰਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਉਹ ਇਹ ਕਾਗਜ਼ਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਅਤੇ ਸਹੀ ਨੂੰ ਸਹੀ ਦੱਸਿਆ ਜਾਵੇ। ਇਹ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਬਾਅਦ ਲਗਾਤਾਰ ਕਾਗਜ਼ਾਂ ਦੀ ਪੜਤਾਲ ਚੱਲਦੀ ਰਹੀ ਅਤੇ ਬਾਹਰ ਵੀ ਆਪਣੇ ਕਾਗਜ਼ ਭਰਨ ਵਾਲੇ ਉਮੀਦਵਾਰ ਲਗਾਤਾਰ ਫ਼ਿਕਰਮੰਦ ਦਿਖਾਈ ਦਿੱਤੇ ਤੇ ਇਸ ਦੌਰਾਨ ਕਈ ਵਾਰ ਨਾਅਰੇਬਾਜ਼ੀ ਵੀ ਕੀਤੀ।
ਪਰ ਦੂਜੇ ਪਾਸੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਸਾਰੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਆਖਦਿਆਂ ਕਿਹਾ ਕਿ ਅਜਿਹਾ ਕੁੱਝ ਨਹੀਂ ਸੀ। ਉਹ ਵਿਧਾਇਕ ਹਨ ਅਤੇ ਆਪਣੇ ਕੰਮਾਂ ਲਈ ਉਨ੍ਹਾਂ ਨੂੰ ਆਉਣਾ ਜਾਣਾ ਪੈਂਦਾ ਹੈ। ਅੱਜ ਉਹ ਐੱਸਡੀਐੱਮ ਦਫ਼ਤਰ ਕੋਲ ਗਏ ਸਨ, ਪਰ ਕੁੱਝ ਸ਼ਰਾਰਤੀ ਅਨਸਰ ਮਾਹੌਲ ਵਿਗਾੜਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਹ ਵਿ਼ਸ਼ਵਾਸ ਦਿਵਾਉਂਦੇ ਹਨ ਕਿ ਪਿਛਲੀਆਂ ਚੋਣਾਂ ਵੀ ਹੋਈਆਂ ਹਨ। ਸਾਡੀ ਪਾਰਟੀ ਵੱਲੋਂ ਪਹਿਲਾਂ ਵੀ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ ਗਿਆ। ਇਹ ਗੱਲਤ ਪ੍ਰਾਪੇਗੰਡਾ ਫੈਲਾਇਆ ਜਾ ਰਿਹਾ ਹੈ। ਸ਼ਹਿਰ ਦਾ ਕੁੱਝ ਲੋਕ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪਰ ਹੋਣਾ ਇਹ ਚਾਹੀਦਾ ਹੈ ਕਿ ਆਪਣੀ ਵੋਟ ਦੇ ਅਧਿਕਾਰ ਦਾ ਆਪ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਲੋਕ ਸਭਾ ਨਗਰ ਪੰਚਾਇਤ ਚੋਣਾਂ ਨਿਰਪੱਖ ਪੈਣਗੀਆਂ।