ਏਸੀਆਰ ਸਬਮਿਟ ਕਰਨ ਦੀ ਤਰੀਕ ਵਧਾਈ ਜਾਵੇ : ਡੀਟੀਐੱਫ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਦੇ ਜ਼ਿਲ੍ਹਾ
Publish Date: Wed, 06 May 2026 08:10 PM (IST)
Updated Date: Thu, 07 May 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਅਧਿਆਪਕਾਂ ਦੀਆਂ ਏਸੀਆਰ ਸਬਮਿਟ ਕਰਨ ਦੀ ਤਾਰੀਖ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜਦੋਂ ਦਾ ਆਨਲਾਈਨ ਏਸੀਆਰ ਭਰਨ ਦਾ ਕੰਮ ਸ਼ੁਰੂ ਹੋਇਆ ਹੈ ਤਾਂ ਅਧਿਆਪਕਾਂ ਨੂੰ ਇਸ ਵਿੱਚ ਅਕਸਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲਾਂ ਵਿਚ ਕੰਪਿਊਟਰ ਅਤੇ ਇੰਟਰਨੈਟ ਦੇ ਨੈੱਟਵਰਕ ਦੀ ਸਮੱਸਿਆ ਕਾਰਨ, ਵੈਬਸਾਈਟ ਬਿਜ਼ੀ ਹੋ ਜਾਣ ਕਾਰਨ ਕਈ ਵਾਰ ਅਧਿਆਪਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੀ ਏਸੀਆਰ ਸਬਮਿਟ ਹੋ ਗਈ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਧਿਆਪਕ ਆਪਣੀ ਏਸੀਆਰ ਸਬਮਿਟ ਕਰਨ ਤੋਂ ਰਹਿ ਗਏ ਹਨ ਅਤੇ ਬੋਰਡ ਦੀਆਂ ਕਲਾਸਾਂ ਦੇ ਨਤੀਜੇ ਨਾ ਆਉਣ ਕਾਰਨ ਵੀ ਅਧਿਆਪਕਾਂ ਨੂੰ ਏਸੀਆਰ ਭਰਨ ਵਿੱਚ ਦਿੱਕਤ ਆ ਰਹੀ ਹੈ। ਡੀਟੀਐਫ਼ ਦੇ ਆਗੂਆਂ ਰਾਜਵਿੰਦਰ ਸਿੰਘ ਬੈਹਣੀਵਾਲ, ਨਵੀਨ ਬੋਹਾ, ਗੁਰਪ੍ਰੀਤ ਭੀਖੀ ਅਤੇ ਦਮਨਜੀਤ ਸਿੰਘ ਨੇ ਵਿਭਾਗ ਤੋਂ ਮੰਗ ਕੀਤੀ ਕਿ ਏਸੀਆਰ ਭਰਨ ਦੀ ਮਿਤੀ ’ਚ ਤੁਰੰਤ ਵਾਧਾ ਕੀਤਾ ਜਾਵੇ।