‘ਏਅਰ ਰੇਡ’ ਮੌਕ ਡਰਿੱਲ ਦਾ ਏਡੀਸੀ ਅਨੁਪ੍ਰਿਤਾ ਜੌਹਲ ਨੇ ਲਿਆ ਜਾਇਜ਼ਾ
ਕਿਸੇ ਵੀ ਸੰਭਾਵੀ ਹੰਗਾਮੀ ਸਥਿਤੀ ਜਾਂ
Publish Date: Sat, 25 Apr 2026 06:11 PM (IST)
Updated Date: Sun, 26 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਿਸੇ ਵੀ ਸੰਭਾਵੀ ਹੰਗਾਮੀ ਸਥਿਤੀ ਜਾਂ ਦੁਸ਼ਮਣ ਦੇ ਹਵਾਈ ਹਮਲੇ ਵਰਗੇ ਹਾਲਾਤ ਨਾਲ ਨਜਿੱਠਣ ਲਈ ਤਲਵੰਡੀ ਸਾਬੋ ਪਾਵਰ ਲਿਮਿਟਡ (ਥਰਮਲ ਪਲਾਂਟ) ਬਣਾਂਵਾਲੀ ਵਿਖੇ ਇੱਕ ਵਿਸ਼ੇਸ਼ 'ਏਅਰ ਰੇਡ' ਮੌਕ ਡਰਿੱਲ ਕਰਵਾਈ ਗਈ। ਏਡੀਸੀ ਅਨੁਪ੍ਰਿਤਾ ਜੌਹਲ ਅਤੇ ਥਰਮਲ ਪਲਾਂਟ ਦੇ ਸੀਈਓ ਪੰਕਜ ਸ਼ਰਮਾ ਦੀ ਮੌਜੂਦਗੀ ਵਿੱਚ ਹੋਈ। ਇਸ ਡਰਿੱਲ ਦੌਰਾਨ ਪੂਰੇ ਪਲਾਂਟ ਵਿੱਚ 'ਬਲੈਕ ਆਊਟ' ਕਰਕੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ। ਅਭਿਆਸ ਦੌਰਾਨ ਹਵਾਈ ਹਮਲੇ ਦਾ ਸਾਇਰਨ ਵਜਾ ਕੇ ਬਲੈਕ ਆਊਟ ਦੀ ਸਥਿਤੀ ਪੈਦਾ ਕੀਤੀ ਗਈ, ਜਿਸ ਵਿੱਚ ਪਲਾਂਟ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ। ਇਸ ਦੌਰਾਨ ਟੀਮਾਂ ਵੱਲੋਂ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ, ਫਸਟ ਏਡ ਦੇਣ ਤੇ ਅੱਗ ਬੁਝਾਊ ਅਮਲੇ ਵੱਲੋਂ ਤੁਰੰਤ ਕਾਰਵਾਈ ਕਰਨ ਦਾ ਸਫਲ ਪ੍ਰਦਰਸ਼ਨ ਕੀਤਾ ਗਿਆ। ਮੌਕੇ 'ਤੇ ਮੌਜੂਦ ਏਡੀਸੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਅਜਿਹੀਆਂ ਮੌਕ ਡਰਿੱਲਾਂ ਦਾ ਮੁੱਖ ਉਦੇਸ਼ ਪ੍ਰਸ਼ਾਸਨ, ਸੁਰੱਖਿਆ ਏਜੰਸੀਆਂ ਤੇ ਥਰਮਲ ਪਲਾਂਟ ਦੇ ਪ੍ਰਬੰਧਕਾਂ ਦੀ ਤਿਆਰੀ ਨੂੰ ਪਰਖਣਾ ਹੁੰਦਾ ਹੈ। ਥਰਮਲ ਪਲਾਂਟ ਵਰਗੇ ਸੰਵੇਦਨਸ਼ੀਲ ਅਦਾਰਿਆਂ ਦੀ ਸੁਰੱਖਿਆ ਬੇਹੱਦ ਅਹਿਮ ਹੈ। ਇਸ ਅਭਿਆਸ ਰਾਹੀਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਜੇਕਰ ਭਵਿੱਖ ਵਿੱਚ ਕੋਈ ਅਜਿਹੀ ਹੰਗਾਮੀ ਸਥਿਤੀ ਬਣਦੀ ਹੈ, ਤਾਂ ਅਸੀਂ ਘੱਟ ਤੋਂ ਘੱਟ ਸਮੇਂ ’ਚ ਜਾਨ-ਮਾਲ ਦੇ ਨੁਕਸਾਨ ਨੂੰ ਰੋਕ ਸਕੀਏ। ਉਨ੍ਹਾਂ ਅਧਿਕਾਰੀਆਂ ਅਤੇ ਪਲਾਂਟ ਸੁਰੱਖਿਆ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਤੇ ਹਦਾਇਤ ਕੀਤੀ ਕਿ ਸਮੇਂ-ਸਮੇਂ 'ਤੇ ਅਜਿਹੇ ਅਭਿਆਸ ਜਾਰੀ ਰੱਖੇ ਜਾਣ ਤਾਂ ਜੋ ਤਕਨੀਕੀ ਮਾਰਗਦਰਸ਼ਨ ਤੇ ਤਾਲਮੇਲ ’ਚ ਕੋਈ ਕਮੀ ਨਾ ਰਹੇ। ਇਸ ਮੌਕੇ ਥਰਮਲ ਪਲਾਂਟ ਦੇ ਸੀਈਓ ਪੰਕਜ ਸ਼ਰਮਾ, ਥਰਮਲ ਪਲਾਂਟ ਦੇ ਹੋਰ ਅਧਿਕਾਰੀ, ਪੁਲਿਸ ਅਧਿਕਾਰੀ ਤੇ ਸੁਰੱਖਿਆ ਟੀਮਾਂ ਹਾਜ਼ਰ ਸਨ।