ਆਧੁਨਿਕ ਤਕਨਾਲੋਜੀ ਨਾਲ ਪੜ੍ਹਾਈ ਹੋਵੇਗੀ ਹੋਰ ਆਸਾਨ : ਡਾ. ਸਿੰਗਲਾ
ਸੂਬਾ ਸਰਕਾਰ ਦੇ ਵਿਸ਼ੇਸ਼ ਉਪਰਾਲੇ ਤਹਿਤ ਸਾਰੇ ਪੰਜਾਬ ਦੇ
Publish Date: Thu, 19 Mar 2026 07:05 PM (IST)
Updated Date: Thu, 19 Mar 2026 07:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੂਬਾ ਸਰਕਾਰ ਦੇ ਵਿਸ਼ੇਸ਼ ਉਪਰਾਲੇ ਤਹਿਤ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਡਿਜੀਟਲ ਯੁੱਗ ਦਾ ਹਾਣੀ ਬਣਾਉਣ ਲਈ ਅਤਿ ਆਧੁਨਿਕ ਇੰਟਰਐਕਟਿਵ ਫਲੈਟ ਪੈਨਲ (ਆਈਐੱਫ਼ਪੀਜ਼) ਲਾਏ ਗਏ ਹਨ। ਹਲਕਾ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਜੋਗਾ ਅਤੇ ਸਰਕਾਰੀ ਸੈਕੰਡਰੀ ਸਕੂਲ ਮੁੰਡੇ ਜੋਗਾ ਵਿਖੇ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਅਤਿ ਆਧੁਨਿਕ ਇੰਟਰਐਕਟਿਵ ਫਲੈਟ ਪੈਨਲ (ਆਈਐੱਫਪੀਜ਼) ਦਾ ਉਦਘਾਟਨ ਕਰਦਿਆਂ ਕਿਹਾ ਕਿ ਸਮੇਂ ਦੇ ਨਾਲ ਸਿੱਖਿਆ ਦੇ ਢੰਗ ਵੀ ਬਦਲ ਰਹੇ ਹਨ ਅਤੇ ਸਕੂਲਾਂ ਵਿੱਚ ਨਵੀਂ ਤਕਨਾਲੋਜੀ ਦੀ ਵਰਤੋਂ ਬਹੁਤ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੰਟਰ ਐਕਟਿਵ ਪੈਨਲ ਰਾਹੀਂ ਵਿਦਿਆਰਥੀਆਂ ਨੂੰ ਡਿਜ਼ੀਟਲ ਤਰੀਕੇ ਨਾਲ ਪੜ੍ਹਨ ਦਾ ਮੌਕਾ ਮਿਲੇਗਾ, ਜਿਸ ਨਾਲ ਉਹ ਵਿਸ਼ਿਆਂ ਨੂੰ ਹੋਰ ਵਧੀਆ ਢੰਗ ਨਾਲ ਸਮਝ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਹੀ ਸਮਾਜ ਦੀ ਅਸਲੀ ਤਾਕਤ ਹਨ, ਜੋ ਬੱਚਿਆਂ ਨੂੰ ਸਹੀ ਰਾਹ ਦਿਖਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰ ਕੇ ਆਪਣੇ ਸੁਪਨੇ ਪੂਰੇ ਕਰਨ। ਇਸ ਮੌਕੇ ਉਨ੍ਹਾਂ ਨੇ ਨਵੇਂ ਬਣੇ ਪੰਜ ਕਮਰਿਆਂ ਅਤੇ ਐੱਨਐੱਸਕਿਊਐੱਫ਼ ਲੈਬ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਨੀਲਮ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ ਬਲਾਕ ਨੋਡਲ ਅਫ਼ਸਰ, ਪ੍ਰਿੰਸੀਪਲ ਸੁਨੀਲ ਕੱਕੜ, ਸਕੂਲ ਇੰਚਾਰਜ ਮਨਿੰਦਰਪਾਲ ਕੌਰ, ਐੱਸਐੱਮਸੀ ਕਮੇਟੀ, ਨਗਰ ਪੰਚਾਇਤ ਜੋਗਾ ਅਤੇ ਸਮੂਹ ਸਟਾਫ਼ ਸਰਕਾਰੀ ਸੈਕੰਡਰੀ ਸਕੂਲ ਜੋਗਾ ਲੜਕੀਆਂ ਆਦਿ ਹਾਜ਼ਰ ਸਨ।