ਸੰਸਕਾਰਾਂ ਤੇ ਮੁੱਲਾਂ ਦੇ ਮਹੱਤਵ ਬਾਰੇ ਬੱਚੇ ਕੀਤੇ ਜਾਗਰੂਕ
ਐਸਡੀਕੇਐਲ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ
Publish Date: Fri, 15 May 2026 08:57 PM (IST)
Updated Date: Sat, 16 May 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਡੀਕੇਐੱਲ ਡੀਏਵੀ ਪਬਲਿਕ ਸਕੂਲ ਮਾਨਸਾ ਵਿੱਚ ਛੇਵੀਂ ਤੇ ਸੱਤਵੀਂ ਦੇ ਵਿਦਿਆਰਥੀਆਂ ਲਈ ਮੁੱਲਾਂ ਤੇ ਸੰਸਕਾਰਾਂ ਆਧਾਰਿਤ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਸੰਚਾਲਨ ਗਰਲਜ਼ ਕੌਂਸਲ ਇੰਚਾਰਜ ਰਮਨਦੀਪ ਕੌਰ ਅਤੇ ਨੀਰਜ ਗਰਗ ਵੱਲੋਂ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ, ਨਿੱਜੀ ਮੁੱਲਾਂ, ਸਮਾਜਿਕ ਮੁੱਲਾਂ, ਸੱਭਿਆਚਾਰਕ ਮੁੱਲਾਂ, ਆਧਿਆਤਮਿਕ ਮੁੱਲਾਂ, ਵਾਤਾਵਰਨ ਸਬੰਧੀ ਮੁੱਲਾਂ ਅਤੇ ਸੋਸ਼ਲ ਮੀਡੀਆ ਮੁੱਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਦੱਸਿਆ ਕਿ ਨੈਤਿਕ ਮੁੱਲ ਸਾਨੂੰ ਸੱਚਾਈ, ਇਮਾਨਦਾਰੀ ਤੇ ਅਨੁਸ਼ਾਸਨ ਦੀ ਸਿੱਖ ਦਿੰਦੇ ਹਨ, ਜਦਕਿ ਸਮਾਜਿਕ ਮੁੱਲ ਆਪਸੀ ਸਹਿਯੋਗ, ਸਤਿਕਾਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਹਨ। ਆਧਿਆਤਮਿਕ ਮੁੱਲ ਮਨ ਦੀ ਸ਼ਾਂਤੀ, ਸਕਾਰਾਤਮਕ ਸੋਚ ਅਤੇ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਸੱਭਿਆਚਾਰਕ ਮੁੱਲਾਂ ਸੰਬੰਧੀ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਸਾਨੂੰ ਆਪਣੇ ਤਿਉਹਾਰਾਂ ਅਤੇ ਪਰੰਪਰਾਵਾਂ ਨੂੰ ਰਵਾਇਤੀ ਢੰਗ ਨਾਲ ਮਨਾਉਣਾ ਚਾਹੀਦਾ ਹੈ ਅਤੇ ਹੋਰ ਧਰਮਾਂ ਤੇ ਸੱਭਿਆਚਾਰਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਇਸ ਨਾਲ “ਵਿਭਿੰਨਤਾ ਵਿੱਚ ਏਕਤਾ” ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਸਮਾਜ ’ਚ ਭਾਈਚਾਰਾ ਅਤੇ ਸਾਂਝ ਬਣੀ ਰਹਿੰਦੀ ਹੈ। ਇਸ ਮੌਕੇ ਗਿਆਰ੍ਹਵੀਂ ਦੀ ਵਿਦਿਆਰਥਣ ਵੀਰਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਕਲਾਸ, ਘਰ ਅਤੇ ਸਮਾਜ ਵਿੱਚ ਬੈਠਣ, ਉੱਠਣ ਅਤੇ ਬੋਲਣ ਦਾ ਢੰਗ ਵੀ ਉਨ੍ਹਾਂ ਦੇ ਚੰਗੇ ਸੰਸਕਾਰਾਂ ਅਤੇ ਸਖਸ਼ੀਅਤ ਨੂੰ ਦਰਸਾਉਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਵਿਵਹਾਰ ਅਪਣਾਉਣ ਅਤੇ ਗਲਤ ਭਾਸ਼ਾ ਜਾਂ ਅਪਸ਼ਬਦਾਂ ਦੀ ਵਰਤੋਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਵਿਨੋਦ ਰਾਣਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਜੀਵਨ ਵਿੱਚ ਚੰਗੇ ਮੁੱਲ ਅਪਣਾਉਣ ਲਈ ਪ੍ਰੇਰਿਆ।