ਨਗਰ ਪੰਚਾਇਤ ਅਧੀਨ ਆਉਂਦੇ ਆਊਟਸੋਰਸ ਤੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖਤਮ
ਸਰਦੂਲਗੜ੍ਹ ਨਗਰ ਪੰਚਾਇਤ ਅਧੀਨ ਆਉਂਦੇ
Publish Date: Fri, 22 May 2026 07:13 PM (IST)
Updated Date: Sat, 23 May 2026 04:11 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਨਗਰ ਪੰਚਾਇਤ ਅਧੀਨ ਆਉਂਦੇ ਆਊਟਸੋਰਸ ਅਤੇ ਕੱਚੇ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਕੰਮ ਛੱਡ ਕੇ ਧਰਨੇ ’ਤੇ ਬੈਠੇ ਸਨ। ਉਨ੍ਹਾਂ ਨੇ ਅੱਜ ਸਰਕਾਰ ਵੱਲੋਂ ਆਪਣੀਆਂ ਮੰਗਾਂ ਮੰਨੇ ਜਾਣ ਤੇ ਆਪਣੀ ਹੜਤਾਲ ਸਮਾਪਤ ਕਰ ਦਿੱਤੀ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵੀਨਾ ਰਾਣੀ ਦੇ ਪਤੀ ਪ੍ਰੇਮ ਗਰਗ, ਵਾਇਸ ਪ੍ਰਧਾਨ ਸੁਖਜੀਤ ਸਿੰਘ ਬੱਬਰ, ਕੌਂਸਲਰ ਵਿਰਸਾ ਸਿੰਘ, ਕੌਂਸਲਰ ਨਵਿੰਦਰ ਸਿੰਘ ਨੇ ਦਫ਼ਤਰ ਨਗਰ ਪੰਚਾਇਤ ਪਹੁੰਚ ਕੇ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾ ਕੇ ਹੜਤਾਲ ਸਮਾਪਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਆਊਟਸੋਰਸ ਕੰਮ ਆਪਣੀਆਂ ਮੰਗਾਂ ਨੂੰ ਲੈ ਕੇ ਕੰਮ ਛੱਡ ਕੇ ਧਰਨੇ ’ਤੇ ਬੈਠੇ ਸਨ। ਅੱਜ ਪੰਜਾਬ ਸਰਕਾਰ ਦੇ ਵਿਭਾਗ ਸਥਾਨਕ ਸਰਕਾਰ ਨੇ ਇਕ ਪੱਤਰ ਜਾਰੀ ਕਰਦਿਆਂ ਜਿੰਨ੍ਹਾਂ ਮੁਲਾਜ਼ਮਾਂ ਦੀ ਤਿੰਨ ਸਾਲ ਦੀ ਸਰਵਿਸ ਪੂਰੀ ਹੋਣ ਤੇ ਆਊਟਸੋਰਸ ਤੋਂ ਕੰਟ੍ਰੈਕਟ ਵਿੱਚ ਲੈ ਲਿਆ ਜਾਵੇਗਾ ਤੇ ਕੁਝ ਕੈਟੇਗਰੀਆਂ ਜਿਵੇਂਕਿ ਕਲਰਕ, ਕੰਪਿਊਟਰ ਆਪ੍ਰੇਟਰ ਆਦਿ ਨੂੰ ਪੰਜ ਸਾਲ ਦੀ ਸਰਵਿਸ ਤੋਂ ਆਊਟਸੋਰਸ ਤੋਂ ਕੰਟ੍ਰੈਕਟ ਵਿੱਚ ਲੈਣ ਤੇ ਸਹਿਮਤੀ ਬਣੀ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਥਾਨਕ ਸਰਕਾਰਾਂ ਦੇ ਮੰਤਰੀ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ’ਚ ਡਾਇਰੈਕਟਰ ਸਥਾਨਕ ਸਰਕਾਰ, ਸੰਯੁਕਤ ਸਕੱਤਰ ਸਥਾਨਕ ਸਰਕਾਰ ਅਤੇ ਐਕਸ਼ਨ ਕਮੇਟੀ ਵੱਜੋਂ ਸਲਾਹਕਾਰ ਸ਼ਾਮਲ ਹੋਵੇਗੀ। 30 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ। ਇਹ ਕਮੇਟੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਵਾਧਾ ਕਰਨ ਸਬੰਧੀ ਵੀ ਇਸ ਸਮੇਂ ਦੌਰਾਨ ਰਿਪੋਰਟ ਪੇਸ਼ ਕਰੇਗੀ। ਪੱਤਰ ਰਾਹੀਂ ਦੱਸਿਆ ਕਿ ਆਊਟਸੋਰਸ ਤੇ ਕੱਚੇ ਕਾਮੇ ਜੋ ਹੜਤਾਲ ’ਤੇ ਬੈਠੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਦੀ ਤਨਖ਼ਾਹ ਵਿੱਚ ਕਿਸੇ ਕਿਸਮ ਦੀ ਕਟੌਤੀ ਨਹੀਂ ਕੀਤੀ ਜਾਵੇਗੀ। ਮੰਤਰੀ ਸਥਾਨਕ ਸਰਕਾਰਾਂ ਵੱਲੋਂ ਜਲਦੀ ਹੀ ਮਿਉਂਸੀਪਲ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਕੇ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਆਗੂ ਦਿਆ ਰਾਮ ਅਤੇ ਇਲੈਕਟ੍ਰੀਸ਼ੀਅਨ ਸੰਜੀਵ ਕੁਮਾਰ ਨੇ ਪੰਜਾਬ ਸਰਕਾਰ ਸਥਾਨਕ ਸਰਕਾਰਾਂ ਦੇ ਮੰਤਰੀ, ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਨਾਲ ਨਾਲ ਸ਼ਹਿਰ ਦੇ ਨਗਰ ਪੰਚਾਇਤ ਦੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ‘ਤੇ ਸਾਰੇ ਮੁਲਾਜ਼ਮ ਧਰਨੇ ਤੋਂ ਉੱਠ ਕੇ ਆਪਣੇ-ਆਪਣੇ ਕੰਮਾਂ ‘ਤੇ ਹਾਜ਼ਰ ਹੋ ਗਏ ਹਨ।