ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ (ਬਠਿੰਡਾ) ਦੀ ਅਗਵਾਈ ਵਿੱਚ ਜ਼ਿਲ੍ਹਾ ਮਾਨਸਾ ਦੇ ਖਿਆਲਾਂ ਕਲਾਂ ਵਿਖੇ ਕੀਤੀ ਗਈ। ਇਸ ਵਿੱਚ ਪਿਛਲੇ ਦਿਨ੍ਹੀਂ 03 ਫ਼ਰਵਰੀ ਨੂੰ ਆਊਟਸੋਰਸ ਜਥੇਬੰਦੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਦੇ ਸਬੰਧ ਵਿੱਚ ਦਿੱਤੇ ਗਏ ਸਿਹਤ ਵਿਭਾਗ ਦੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਡਾਇਰੈਕਟਰ ਐੱਨਐੱਚਐੱਮ ਚੰਡੀਗੜ੍ਹ ਨੂੰ ਦਿੱਤੇ ਗਏ ਮੰਗ ਪੱਤਰ ’ਤੇ ਸਿਹਤ ਡਾਇਰੈਕਟਰ ਵੱਲੋਂ ਅਜੇ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਅਤੇ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਅਣਗੋਲਿਆਂ ਕੀਤਾ ਗਿਆ। ਇਸ ਕਾਰਨ ਆਊਟਸੋਰਸ (ਕੱਚੇ ਕਾਮਿਆਂ) ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ 06 ਮਾਰਚ 2026 ਨੂੰ ਆਊਟਸੋਰਸ ਜਥੇਬੰਦੀ ਦਾ ਵਫ਼ਦ ਦੁਆਰਾ ਸਿਹਤ ਡਾਇਰੈਕਟਰ ਪੰਜਾਬ ਨੂੰ ਮਿਲੇਗਾ। ਸਿਹਤ ਵਿਭਾਗ ਦੇ ਆਊਟਸੋਰਸ ਮੁਲਾਜ਼ਮਾਂ ਨਾਲ ਕੰਪਨੀਆਂ ਦੁਆਰਾ ਬਹੁਤ ਹੀ ਧੱਕੇਸ਼ਾਹੀ ਅਤੇ ਮਾੜੇ ਵਿਵਹਾਰ ਕੀਤੇ ਜਾ ਰਹੇ ਹਨ ਜੋ ਕਿ ਸਹਿਣਯੋਗ ਨਹੀਂ ਹਨ। ਨਵੀਆਂ ਆਈਆਂ ਕੰਪਨੀਆਂ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ ਨਜ਼ਾਇਜ ਫੀਸ ਦੇ ਰੂਪ ਵਿੱਚ ਪੈਸੇ ਵਸੂਲੇ ਜਾ ਰਹੇ ਹਨ, ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰਕੇ ਉਨ੍ਹਾਂ ਦੀਆਂ ਬਹੁਤ ਹੀ ਨਿਗੁਣੀਆਂ ਤਨਖ਼ਾਹਾਂ ਵਿੱਚੋਂ ਛੁੱਟੀ ਲੈਣ ਤੇ ਪੈਸੇ ਕੱਟ ਲੈਣਾ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਇਹਨਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕੰਪਨੀਆਂ ਦੁਆਰਾ 2-2 ਮਹੀਨੇ ਤੱਕ ਹੜੱਪ ਲੈਣਾ ਅਤੇ ਸਮੇਂ ਸਿਰ ਅਦਾਇਗੀ ਨਾ ਕਰਨੀ ਵੀ ਧੱਕੇਸ਼ਾਹੀ ਨੂੰ ਦਰਸਾਉੰਦਾ ਹੈ। ਇਸ ਤਰ੍ਹਾਂ ਗੰਭੀਰ ਮਸਲਿਆਂ ਨੂੰ ਲੈ ਕੇ ਆਊਟਸੋਰਸ ਜਥੇਬੰਦੀ ਵੱਲੋਂ ਮੀਟਿੰਗ ਵਿੱਚ ਫ਼ੈਸਲਾ ਲਿਆ ਕੇ ਜਥੇਬੰਦੀ ਵੱਲੋਂ 06 ਮਾਰਚ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਐੱਨ.ਐੱਚ.ਐੱਮ ਵਿਭਾਗ ਚੰਡੀਗੜ੍ਹ ਨੂੰ ਮਿਲ਼ਕੇ ਕੰਪਨੀਆਂ ਦੁਆਰਾ ਕੀਤੀ ਜਾ ਰਹੀ ਲੁੱਟ ਨੂੰ ਬੰਦ ਕਰਵਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਅੰਦਰ ਲੈ ਕੇ ਪੱਕਾ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨਾ, ਇੱਕ ਜਿਲੇ ਤੋ ਦੂਜੇ ਜ਼ਿਲ੍ਹੇ ’ਚ ਆਪਸੀ ਬਦਲੀ ਪੌਲਸੀ ਲਾਗੂ ਕਰਨਾ, ਵੱਖ-ਵੱਖ ਜਿਲ੍ਹਿਆ ਵਿੱਚ ਸਫਾਈ ਕਰਮਚਾਰੀਆ ਨੂੰ ਵਿਭਾਗ ਵਿੱਚ ਲੈ ਕੇ ਪੱਕੇ ਕਰਨਾ, ਈ.ਪੀ.ਐਫ ਅਤੇ ਈ.ਐਸ. ਆਈ. ਦੇ ਮਸਲੇ ਹੱਲ ਕਰਵਾਉਣਾ, ਪੈਸਕੋ ਅਧੀਨ ਕੰਮ ਕਰਦੇ ਮੁਲਾਜਮ ਸਾਥੀਆ ਦੀਆ ਛੁੱਟੀਆ ਬਹਾਲ ਕਰਵਾਉਣੀਆ ਆਦਿ ਮੰਗਾਂ ’ਤੇ ਸਿਹਤ ਡਾਇਰੈਕਟਰ ਪੰਜਾਬ ਨੂੰ ਦਿੱਤੇ ਮੰਗ ਪੱਤਰ ਉੱਪਰ ਕੀਤੀ ਕਾਰਵਾਈ ਬਾਰੇ ਜਾਣਿਆ ਜਾਵੇਗਾ, ਅਤੇ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਹੋ ਰਹੀ ਧੱਕੇਸ਼ਾਹੀ ਲਈ ਜਥੇਬੰਦੀ ਵੱਲੋਂ ਮਿਤੀ 14 ਮਾਰਚ 2026 ਨੂੰ ਜਿਲ੍ਹਾ ਸੰਗਰੂਰ ਵਿਖੇ ਸੂਬਾ ਪੱਧਰੀ ਮੀਟਿੰਗ ਲਗਾਕੇ ਲੋਕਾਂ ਅਤੇ ਹਸਪਤਾਲਾਂ ਵਿੱਚ ਲੀਫ਼ਲੈਂਟ ਵੰਡਣ ਦੇ ਲਈ ਲੀਫ਼ਲੈਂਟ ਜਿਲ੍ਹਿਆਂ ’ਚ ਭੇਜੇ ਜਾਣਗੇ ਅਤੇ ਅਗਲੇ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫ਼ੈਡਰੇਸ਼ਨ (ਵਿਗਿਆਨਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਵਿਸ਼ੇਸ ਤੌਰ ’ਤੇ ਪਹੁੰਚੇ ਅਤੇ ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਹਰਮਨਦੀਪ ਸਿੰਘ ਸਿੱਧੂ, ਸੂਬਾ ਵਿੱਤ ਸਕੱਤਰ ਨਾਜਰ ਸਿੰਘ ਮਾਨਸਾ, ਸੂਬਾ ਮੀਤ ਪ੍ਰਧਾਨ ਕਰਨਬੀਰ ਸਿੰਘ, ਸੂਬਾ ਪ੍ਰੈੱਸ ਸਕੱਤਰ ਯਾਦਵਿੰਦਰ ਸਿੰਘ ਠੀਕਰੀਵਾਲ, ਸੂਬਾ ਆਰਗੇਨਾਇਜ਼ਰ ਜਤਿੰਦਰ ਸਿੰਘ ਬਠਿੰਡਾ, ਸੂਬਾ ਦਫ਼ਤਰ ਸਕੱਤਰ ਜਗਮੀਤ ਸਿੰਘ ਬਠਿੰਡਾ, ਸੂਬਾ ਸਹਾਇਕ ਕੈਸ਼ੀਅਰ ਵੀਰਪਾਲ ਕੌਰ, ਰਮਨਪ੍ਰੀਤ ਕੌਰ ਬਠਿੰਡਾ, ਸੂਬਾ ਮੀਤ ਪ੍ਰਧਾਨ ਭਾਰਤ ਸਿੰਘ ਸ੍ਰੀ ਮੁਕਤਸਰ ਸਾਹਿਬ, ਸੂਬਾ ਦਫ਼ਤਰ ਸਕੱਤਰ ਗੁਰਦਾਸ ਸਿੰਘ, ਸੂਬਾ ਮੀਤ ਪ੍ਰਧਾਨ ਭਾਰਤ ਸਿੰਘ ਸ੍ਰੀ ਮੁਕਤਸਰ ਸਾਹਿਬ, ਸੂਬਾ ਮੁੱਖ ਸਲਾਹਕਾਰ ਨਵਦੀਪ ਸਿੰਘ, ਵਿੱਕੀ ਕੁਮਾਰ ਜ਼ਿਲਾ ਜਨਰਲ ਸਕੱਤਰ ਮਾਨਸਾ, ਮਨੀਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਮਾਨਸਾ, ਸੂਬਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਮਾਨਸਾ, ਦਵਿੰਦਰ ਸਿੰਘ ਬਰਨਾਲਾ, ਗੁਰਧਿਆਨ ਸਿੰਘ ਪਟਿਆਲਾ ਅਤੇ ਜਸਵੀਰ ਸਿੰਘ ਪਟਿਆਲਾ, ਮੋਹਕਮਜੀਤ ਸਿੰਘ ਮਾਨਸਾ, ਲਵਜੀਤ ਸਿੰਘ, ਸਰਬਜੀਤ ਕੌਰ,ਹਰਦੀਪ ਕੌਰ ਆਊਟਸੋਰਸ ਮੁਲਾਜ਼ਮ ਸਾਥੀ ਹਾਜ਼ਰ ਰਹੇ।