ਨਗਰ ਕੌਂਸਲ ਦੀ ਮੀਟਿੰਗ ’ਚ ਕੁਝ ਮਤਿਆਂ ਨੂੰ ਮਿਲੀ ਪ੍ਰਵਾਨਗੀ
ਨਗਰ ਕੌਂਸਲ ਦਫਤਰ ਬੁਢਲਾਡਾ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ
Publish Date: Thu, 18 Sep 2025 06:58 PM (IST)
Updated Date: Thu, 18 Sep 2025 06:59 PM (IST)

ਸਹਿਮਤੀ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਸੰਬੰਧੀ ਕੋਈ ਮਤਾ ਨਾ ਹੋ ਸਕਿਆ ਪਾਸ ਚੱਲ ਰਹੀ ਮੀਟਿੰਗ ’ਚ ਵਾਰਡ ਵਾਸੀਆਂ ਨੇ ਪੁੱਛੇ ਸਵਾਲ ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਨਗਰ ਕੌਂਸਲ ਦਫ਼ਤਰ ਬੁਢਲਾਡਾ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਨਗਰ ਕੌਂਸਲਾਂ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਰੱਖੀ ਗਈ ਮੀਟਿੰਗ ਦੌਰਾਨ ਜਿੱਥੇ ਨਗਰ ਕੌਂਸਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਕੁਝ ਬੂਰ ਪਿਆ, ਉਥੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਦੀਆਂ ਉਮੀਦਾਂ ਤੇ ਮੀਟਿੰਗ ਦੌਰਾਨ ਪੂਰੀ ਤਰ੍ਹਾਂ ਪਾਣੀ ਫ਼ਿਰ ਗਿਆ। ਸ਼ਹਿਰ ਵਾਸੀਆਂ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਇੱਕ ਹੋਰ ਮੀਟਿੰਗ ਦੀ ਉਡੀਕ ਕਰਨੀ ਪਵੇਗੀ। ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਚੱਲ ਰਹੀ ਮੀਟਿੰਗ ਦੌਰਾਨ ਵਾਰਡ ਨੰ. 8 ਦੇ ਵਾਸੀਆਂ ਵੱਲੋਂ ਰਾਜੇਸ਼ ਕੁਮਾਰ ਲੱਕੀ ਦੀ ਅਗਵਾਈ ਹੇਠ ਆਪਣੀਆਂ ਸਮੱਸਿਆਵਾਂ ਸੰਬੰਧੀ ਕੌਂਸਲ ਪ੍ਰਧਾਨ ਅਤੇ ਮੌਜੂਦ ਅਧਿਕਾਰੀਆਂ ਤੋਂ ਪ੍ਰਸ਼ਨ ਪੁੱਛੇ ਗਏ। ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਾ ਹੁੰਦਿਆਂ ਲੋਕਾਂ ਵੱਲੋਂ ਨਗਰ ਕੌਂਸਲ ਗੇਟ ਦੇ ਬਾਹਰ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਵਾਰਡ ਕੌਂਸਲਰ ਕਮਲਜੀਤ ਕਾਲੂ ਮਦਾਨ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੰਬੰਧੀ ਚਾਰਾਜੋਈ ਕਰਕੇ ਵਾਰ ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ, ਪਰ ਅਧਿਕਾਰੀਆਂ ਦੀਆਂ ਕੰਨਾਂ ਤੇ ਜੂੰ ਨਹੀਂ ਸਰਕਦੀ। ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ। ਮੀਟਿੰਗ ਦੌਰਾਨ ਨਗਰ ਕੌਂਸਲ ਦੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੰਬੰਧੀ ਕੁਝ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਪ੍ਰੰਤੂ ਕੌਂਸਲਰਾਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਲਈ ਰੱਖਿਆ ਗਿਆ ਕੋਈ ਵੀ ਮਤਾ ਪੂਰ ਨਹੀਂ ਚੜ੍ਹ ਸਕਿਆ। ਇਸ ਮੌਕੇ ਕਾਰਜਸਾਧਕ ਅਫ਼ਸਰ ਸਿਕੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ 2 ਮੀਟਿੰਗਾਂ ਸੰਬੰਧੀ ਕਾਰਵਾਈ ਚੱਲ ਰਹੀ ਸੀ, ਜਿਸ ਵਿੱਚ ਕੁਝ ਕੁ ਮਤਿਆ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੌਕੇ ਮੀਤ ਪ੍ਰਧਾਨ ਨਰਿੰਦਰ ਕੌਰ ਵਿਰਕ ਨੇ ਦੱਸਿਆ ਕਿ ਜਿਨ੍ਹਾਂ ਚਿਰ ਪਹਿਲਾ ਰੱਦ ਹੋਏ 19 ਵਾਰਡਾਂ ਦੇ ਮਤਿਆ ਨੂੰ ਦੁਬਾਰਾ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਚਿਰ ਅਗਲੇ ਮਤਿਆ ਬਾਰੇ ਕੋਈ ਸਹਿਮਤੀ ਨਹੀਂ ਕੀਤੀ ਜਾਵੇਗੀ। ਕੌਂਸਲਰ ਰਜਿੰਦਰ ਸਿੰਘ ਝੰਡਾ, ਕੌਂਸਲਰ ਸੁਭਾਸ਼ ਵਰਮਾਂ, ਕੌਂਸਲਰ ਗੁਰਪ੍ਰੀਤ ਕੌਰ ਚਹਿਲ, ਕੌਂਸਲਰ ਸੁਖਪਾਲ ਕੌਰ, ਕੌਂਸਲਰ ਦਰਸ਼ਨ ਸਿੰਘ ਦਰਸ਼ੀ, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ, ਕੌਂਸਲਰ ਸੁਖਦੀਪ ਸੋਨੀ, ਕੌਂਸਲਰ ਕੰਚਨ ਮਦਾਨ ਆਦਿ ਕੌਂਸਲਰ ਮੌਜੂਦ ਸਨ।