ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕੂੜੇ ਦੇ ਵਧਦੇ ਢੇਰ ਤੋਂ ਲੋਕ ਔਖੇ
ਸਫ਼ਾਈ ਸੇਵਕਾਂ ਦੀ ਹੜਤਾਲ
Publish Date: Tue, 12 May 2026 06:55 PM (IST)
Updated Date: Wed, 13 May 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਗੰਦਗੀ ਫੈਲਣ ਲੱਗੀ ਹੈ। ਇਨ੍ਹਾਂ ਕੂੜੇ ਦੇ ਢੇਰਾਂ ਦੀ ਬਦਬੂ ਦੂਰ ਦੂਰ ਤੱਕ ਫੈਲ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਮੂੰਹ ਢੱਕ ਕੇ ਇਥੋਂ ਦੀ ਲੰਘਣਾ ਪੈਂਦਾ ਹੈ। ਜਿੱਥੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਇਸ ਨਾਲ ਵਧੀਆਂ ਹਨ, ਉਥੇ ਹੀ ਇਹ ਸੜਕਾਂ ਤੱਕ ਕੂੜਾ ਫੈਲਣ ਕਾਰਨ ਆਵਾਜਾਈ ਵਿੱਚ ਵੀ ਰੁਕਾਵਟ ਬਣ ਰਿਹਾ ਹੈ। ਇਸ ਕਾਰਨ ਆਵਾਜਾਈ ’ਚ ਵੀ ਵਿਘਨ ਪੈ ਰਿਹਾ ਹੈ ਅਤੇ ਬਿਮਾਰੀਆਂ ਦਾ ਵੀ ਖ਼ਦਸ਼ਾ ਪੈਦਾ ਹੋ ਗਿਆ ਹੈ। ਅੱਜ ਵੀ ਸਫ਼ਾਈ ਸੇਵਕਾਂ ਵੱਲੋਂ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਦੇ ਹੱਲ ਨਾ ਕੱਢੇ ਜਾਣ ਕਾਰਨ ਨਾਅਰੇਬਾਜ਼ੀ ਕੀਤੀ ਗਈ ਤੇ ਕੰਮ-ਕਾਜ ਠੱਪ ਰੱਖਿਆ। ਸਫ਼ਾਈ ਸੇਵਕ ਯੂਨੀਅਨ ਪ੍ਰਧਾਨ ਸੰਜੀਵ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਮਾਨਸਾ ਵੱਲੋਂ ਆਪਣੀ ਮੰਗ 105 ਆਊਟਸੋਰਸ ਸਫ਼ਾਈ ਸੇਵਕਾਂ ਨੂੰ ਕੰਟ੍ਰੈਕਟ ’ਤੇ ਕਰਨ ਅਤੇ ਇਸ ਤੋਂ ਇਲਾਵਾ ਕੰਪਿਊਟਰ ਆਪ੍ਰੇਟਰਾਂ, ਇਲੈਕਟ੍ਰੀਸ਼ੀਅਨ, ਮਾਲੀ, ਬੇਲਦਾਰ, ਕਲਰਕ ਆਦਿ ਨੂੰ ਵੀ ਪੱਕੇ ਕੀਤੇ ਜਾਣ ਸਬੰਧੀ ਇਹ ਕੰਮ ਛੋੜ ਹੜਤਾਲ ਕੀਤੀ ਹੈ। ਇਸ ਤੋਂ ਇਲਾਵਾ ਸਫਾਈ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਰੱਤੀ, ਸੈਕਟਰੀ ਸਫ਼ਾਈ ਸੇਵਕ ਯੂਨੀਅਨ ਬ੍ਰਾਂਚ ਮਾਨਸਾ ਮਨੋਜ ਕੁਮਾਰ, ਮੀਤ ਪ੍ਰਧਾਨ ਵਿਨੋਦ ਕੁਮਾਰ , ਜ਼ਿਲ੍ਹਾ ਸੈਕਟਰੀ ਸੁਖਦੇਵ ਮਲਿਕ, ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਮਸਲੇ ਜਦ ਤੱਕ ਹੱਲ ਨਹੀਂ ਕੀਤੇ ਜਾਂਦੇ, ਤਦ ਤੱਕ ਰੋਸ ਜਤਾਇਆ ਜਾਂਦਾ ਰਹੇਗਾ।