ਸਫ਼ਾਈ ਸੇਵਕਾਂ ਵੱਲੋਂ ਬੁਢਲਾਡਾ ’ਚ ਰੋਸ ਮੁਜ਼ਾਹਰਾ
ਸਫਾਈ ਸੇਵਕ ਯੂਨੀਅਨ ਦੇ
Publish Date: Fri, 15 May 2026 08:38 PM (IST)
Updated Date: Sat, 16 May 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਹੀ ਹੜਤਾਲ ਦੇ ਤਹਿਤ ਅੱਜ ਬੁਢਲਾਡਾ ਵਿਖੇ ਜ਼ਿਲ੍ਹੇ ਭਰ ਦੇ ਸਫ਼ਾਈ ਸੇਵਕ ਇਕੱਠੇ ਹੋਏ। ਸਫ਼ਾਈ ਸੇਵਕਾਂ ਵੱਲੋਂ ਬੁਢਲਾਡਾ ਫ਼ਾਟਕਾਂ ਤੋਂ ਲੈ ਕੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਅਤੇ ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇੱਕ ਪਾਸੇ ਜਿੱਥੇ ਸਫ਼ਾਈ ਸੇਵਕਾਂ ਵੱਲੋਂ ਲਗਾਤਾਰ ਰੋਸ ਜਤਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸੜਕਾਂ ’ਤੇ ਲਗਾਤਾਰ ਕੂੜੇ ਦੇ ਢੇਰ ਲੱਗੇ ਹੋਏ ਹਨ। ਲੋਕ ਪਰੇਸ਼ਾਨ ਹੋ ਰਹੇ ਹਨ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਨੂਰੀ ਬੁਢਲਾਡਾ ਅਤੇ ਲੋਕਲ ਪ੍ਰਧਾਨ ਪ੍ਰਵੀਨ ਕੁਮਾਰ ਮਾਨਸਾ ਵੱਲੋਂ ਕੀਤੀ ਗਈ। ਧਰਨੇ ਵਿੱਚ ਸਮੂਹ ਆਊਟਸੋਰਸ ਅਤੇ ਰੈਗੂਲਰ ਸਫ਼ਾਈ ਕਰਮਚਾਰੀ ਵੱਲੋਂ ਰੋਸ ਜਤਾਉਂਦਿਆਂ ਸਰਕਾਰ ਦੀ ਨਿਖੇਧੀ ਕੀਤੀ ਗਈ। ਸੈਕਟਰੀ ਸਫ਼ਾਈ ਸੇਵਕ ਯੂਨੀਅਨ ਬ੍ਰਾਂਚ ਮਾਨਸਾ ਮਨੋਜ ਕੁਮਾਰ, ਮੀਤ ਪ੍ਰਧਾਨ ਵਿਨੋਦ ਕੁਮਾਰ ਚੇਤਨ, ਜ਼ਿਲ੍ਹਾ ਸੈਕਟਰੀ ਸੁਖਦੇਵ ਮਲਿਕ, ਰਾਜ ਕੁਮਾਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ 105 ਆਊਟਸੋਰਸ ਸਫ਼ਾਈ ਕਰਮਚਾਰੀਆਂ ਨੂੰ ਕੰਟ੍ਰੈਕਟ ਤੇ ਕਰਨ ਅਤੇ ਇਸ ਤੋਂ ਇਲਾਵਾ ਕੰਪਿਊਟਰ ਅਪਰੇਟਰਾਂ, ਇਲੈਕਟ੍ਰੀਸ਼ਨ, ਮਾਲੀ, ਬੇਲਦਾਰ, ਕਲਰਕ ਆਦਿ ਨੂੰ ਵੀ ਪੱਕੇ ਕੀਤੇ ਜਾਣ ਸਬੰਧੀ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ ਅਤੇ ਇਹ ਹੜਤਾਲ ਦਾ 10ਵਾਂ ਦਿਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਸੁਣਵਾਈ ਨਹੀਂ ਹੋ ਰਹੀ। ਸਮੂਹ ਆਊਟਸੋਰਸ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਸੁਣਵਾਈ ਨਾ ਹੋਣ ਕਾਰਨ ਮਜ਼ਬੂਰਨ ਰੋਸ ਜਤਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਜਲਦ ਪੂਰ੍ਹਾ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਅਜੇ ਕੁਮਾਰ ਲੋਕਲ ਪ੍ਰਧਾਨ ਬੁਢਲਾਡਾ, ਰਮੇਸ਼ ਕੁਮਾਰ, ਬਾਲ ਕਿਸ਼ਨ ਅਤੇ ਹੋਰ ਮੌਜੂਦ ਸਨ।