ਐਸ.ਡੀ. ਕੰਨਿਆ ਮਹਾਂਵਿਦਿਆਲਾ ਮਾਨਸਾ ਵਿਖੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਡੀ ਕੰਨਿਆ ਮਹਾਂਵਿਦਿਆਲਾ ਮਾਨਸਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾ ਰਹੇ ਖੇਤਰੀ ਯੁਵਕ ਅਤੇ ਲੋਕ ਮੇਲਾ ਮਾਨਸਾ ਜ਼ੋਨ 2025 ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ । ਸਵੇਰ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਸ੍ਰੀ ਸ਼ਾਮ ਚੌਧਰੀ (ਚੀਫ਼ ਕਮਰਸ਼ੀਅਲ ਅਫ਼ਸਰ ਤਲਵੰਡੀ ਸਾਬੋ), ਵਿਸ਼ੇਸ਼ ਮਹਿਮਾਨ ਸ਼੍ਰੀ ਕੋਨਾਲ ਸ਼ਰਮਾ (ਐਸੋਸੀਏਟ ਮੈਨੇਜਰ ਐਚ ਆਰ ਤਲਵੰਡੀ ਸਾਬੋ )ਸਰਦਾਰ ਨਾਜਰ ਸਿੰਘ ਮਾਨਸ਼ਾਹੀਆ( ਸਾਬਕਾ ਐਮ.ਐਲ.ਏ ਮਾਨਸਾ) ਨੇ ਸ਼ਿਰਕਤ ਕੀਤੀ। ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਜੀਵ ਕੁਮਾਰ ਅਤੇ ਸ਼੍ਰੀ ਹੇਮਰਾਜ ਗਰਗ ਨੇ ਮੇਲੇ ਦੀ ਪ੍ਰਧਾਨਗੀ ਕੀਤੀ। ਡਾ.ਬਲਜੀਤ ਕੌਰ ਨੇ ਯੁਵਕ ਮੇਲੇ ਦੇ ਚੌਥੇ ਦਿਨ ਦੀ ਰੂਪ ਰੇਖਾ ਸਾਂਝੀ ਕਰਦੇ ਹੋਏ ਦੱਸਿਆ ਕਿ ਵੱਖ-ਵੱਖ ਸਟੇਜਾਂ ਤੇ ਗਿੱਧਾ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ, ਰਵਾਇਤੀ ਲੋਕ ਗੀਤ (ਲੰਮੀਆਂ ਹੇਕਾਂ ਵਾਲੇ), ਸ਼ਸਤਰੀ ਸੰਗੀਤ ਵਾਦਨ (ਤਾਲ), ਸ਼ਾਸਤਰੀ ਸੰਗੀਤ (ਸਵਰ ), ਕਲੀ ਗਾਇਨ , ਵਾਰ ਗਾਇਨ ਤੇ ਕਵੀਸ਼ਰੀ ਦੇ ਮੁਕਾਬਲੇ ਹੋਏ। ਦੁਪਹਿਰ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਬੱਚਿਆਂ ਨੂੰ ਵਿਰਾਸਤ ਅਤੇ ਮਾਤ ਭਾਸ਼ਾ ਨਾਲ ਜੋੜਨਾ ਸਮੇਂ ਦੀ ਲੋੜ ਹੈ ਉੱਥੇ ਮਾਪਿਆਂ ਤੇ ਅਧਿਆਪਕਾਂ ਦਾ ਫਰਜ ਬਣਦਾ ਹੈ ਕਿ ਉਹ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਯਤਨ ਜੁਟਾਉਣ ਇਸ ਤੋਂ ਬਿਨਾਂ ਉਹਨਾਂ ਨੇ ਮਾਲਵੇ ਦੇ ਮਾਨਸਾ ਜ਼ਿਲ੍ਹੇ ਨੂੰ ਪੰਜਾਬੀ ਵਿਰਾਸਤ ਸੰਭਾਲਣ ਦਾ ਗੜ ਵੀ ਕਿਹਾ। ਪ੍ਰਿੰਸੀਪਲ ਡਾ.ਗਰਿਮਾ ਮਹਾਜਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਯੁਵਕ ਮੇਲੇ ਨੂੰ ਅਨੁਸ਼ਾਸਨਬੱਧ ਤਰੀਕੇ ਨਾਲ ਸੰਪੰਨ ਕਰਨ ਤੇ ਖੁਸ਼ੀ ਪ੍ਰਗਟ ਕੀਤੀ। ਡਾਕਟਰ ਭੀਮਇੰਦਰ ਸਿੰਘ ਡਾਇਰੈਕਟਰ ਯੁਵਕ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਕਾਲਜ ਦੇ ਪ੍ਰਬੰਧਾਂ ਤੇ ਖੁਸ਼ੀ ਪ੍ਰਗਟਾਈ ਤੇ ਨਾਲ ਹੀ ਯੁਵਕ ਖੇਤਰੀ ਲੋਕ ਮੇਲੇ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ । ਕਾਲਜ ਨੇ ਰੰਗੋਲੀ, ਲੁੱਡੀ ਨਾਚ ,ਰਵਾਇਤੀ( ਲੋਕ ਗੀਤ ਲੰਮੀਆਂ ਹੇਕਾਂ ਵਾਲੇ ਗੀਤ ), ਕਲੀ ਗਾਇਨ, ਨਾਲਾ ਬੁਣਨਾ, ਖਿੱਦੋ ਬਣਾਉਣਾ, ਕਾਵਿ ਉਚਾਰਨ, ਇੰਨੂ ਬਣਾਉਣ ਵਿੱਚ ਪਹਿਲਾ ਸਥਾਨ ਅਤੇ ਨੁੱਕੜ ਨਾਟਕ, ਗਿੱਧਾ , ਮੁਹਾਵਰੇਦਾਰ ਵਾਰਤਾਲਾਪ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਕੁਇਜ਼ ,ਫੋਕ ਆਰਕੈਸਟਰਾਂ ,ਪੱਛਮੀ ਸਮੂਹ ਗਾਇਨ ਸਮੂਹ ਸ਼ਬਦ, ਪੀੜੀ ਬੁਣਨਾ, ਛਿੱਕੂ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਪੱਖੀ ਬੁਣਨਾ, ਪਰਾਂਦਾ ਬਣਾਉਣਾ ਵਿੱਚ ਦੂਜਾ ਸਥਾਨ ਅਤੇ ਰੱਸਾ ਵੱਟਣਾ ਮਿੱਟੀ ਦੇ ਬਰਤਨ ਬਣਾਉਣਾ, ਕਾਰ ਟੂਨਿੰਗ, ਕਲੇਅ ਮਾਡਲਿੰਗ, ਇੰਸਟਾਲੇਸ਼ਨ ਵਿੱਚ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਡਾਕਟਰ ਜਗਦੀਪ ਸਿੰਘ ਵਾਈਸ ਚਾਂਸਲਰ ,ਡਾਕਟਰ ਭੀਮਿੰਦਰ ਸਿੰਘ ਡਾਕਟਰ ਵਿਜੈ ਸਿੰਗਲਾ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਪ੍ਰੋਫ਼ੈਸਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਲੂਮਨੀ ਵਿਦਿਆਰਥੀ ਵੀ ਮੌਜੂਦ ਰਹੇ ਕਾਲਜ ਦੇ ਸਮੂਹ ਸਟਾਫ ਵਿਦਿਆਰਥੀਆਂ ਨੇ ਰਲ ਕੇ ਸਟੇਜ ਤੇ ਗਿੱਧਾ ਪਾਇਆ ਤੇ ਖੁਬ ਰੰਗ ਬੰਨ੍ਹਿਆ। ਕਾਲਜ ਪ੍ਰਧਾਨ ਇੰਜੀਨੀਅਰ ਵਿਨੋਦ ਕੁਮਾਰ ਜ਼ਿੰਦਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੇਲੇ ਵਿੱਚ ਆਏ ਹੋਏ ਮਹਿਮਾਨਾਂ ਨੂੰ ਯਾਦਗਰੀ ਚਿੰਨ ਭੇਂਟ ਕੀਤੇ ਗਏ ।