ਬੇਕਾਬੂ ਹੋ ਕੇ ਖੇਤਾਂ ’ਚ ਪਲਟੀ ਸਕੂਲ ਵੈਨ, ਮੌਕੇ ’ਤੇ ਪਹੁੰਚੇ ਪਿੰਡ ਵਾਸੀਆਂ ਨੇ ਕੱਢੇ ਬੱਚੇ, ਵਾਲ-ਵਾਲ ਬਚੀ ਮਾਸੂਮਾਂ ਦੀ ਜਾਨ
ਅੱਜ ਸਵੇਰੇ ਸਰਦੂਲਗੜ੍ਹ ਤੋਂ ਕਾਹਨੇਵਾਲਾ ਰੋਡ ’ਤੇ ਬਚਿਆਂ ਨੂੰ ਸਕੂਲ ਲੈ ਕੇ ਆ ਰਹੀ ਨਿਜੀ ਸਕੂਲ ਦੀ ਵੈਨ ਖੇਤ ’ਚ ਪਲਟ ਗਈ। ਜਾਣਕਾਰੀ ਅਨੁਸਾਰ ਇਹ ਸਕੂਲ ਵੈਨ ਸਰਦੂਲਗੜ੍ਹ ਦੇ ਸੈਕਰਡ ਸਾਓਲ ਸਕੂਲ ਦੀ ਹੈ ਅਤੇ ਵੈਨ ਡਰਾਇਵਰ ਦਾ ਨਾਮ ਕੁਲਵੰਤ ਸਿੰਘ ਵਾਸੀ ਪਿੰਡ ਸੁਰਤਿਆ (ਹਰਿਆਣਾ) ਹੈ।
Publish Date: Wed, 06 May 2026 03:26 PM (IST)
Updated Date: Wed, 06 May 2026 03:32 PM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ। ਅੱਜ ਸਵੇਰੇ ਸਰਦੂਲਗੜ੍ਹ ਤੋਂ ਕਾਹਨੇਵਾਲਾ ਰੋਡ ’ਤੇ ਬਚਿਆਂ ਨੂੰ ਸਕੂਲ ਲੈ ਕੇ ਆ ਰਹੀ ਨਿਜੀ ਸਕੂਲ ਦੀ ਵੈਨ ਖੇਤ ’ਚ ਪਲਟ ਗਈ। ਜਾਣਕਾਰੀ ਅਨੁਸਾਰ ਇਹ ਸਕੂਲ ਵੈਨ ਸਰਦੂਲਗੜ੍ਹ ਦੇ ਸੈਕਰਡ ਸਾਓਲ ਸਕੂਲ ਦੀ ਹੈ ਅਤੇ ਵੈਨ ਡਰਾਇਵਰ ਦਾ ਨਾਮ ਕੁਲਵੰਤ ਸਿੰਘ ਵਾਸੀ ਪਿੰਡ ਸੁਰਤਿਆ (ਹਰਿਆਣਾ) ਹੈ।
ਵੈਨ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੋੜੀ ਤੋਂ ਵਿਦਿਆਰਥੀਆਂ ਨੂੰ ਲੈ ਕੇ ਵਾਇਆ ਕਾਹਨੇਵਾਲਾ ਹੋ ਕੇ ਸਰਦੂਲਗੜ੍ਹ ਆ ਰਹੀ ਸੀ ਕਿ ਅਚਾਨਕ ਕਾਹਨੇਵਾਲਾ ਰੋਡ ’ਤੇ ਡਰਾਇਵਰ ਤੋਂ ਵੈਨ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਵੈਨ ਸੜਕ ਕੰਢੇ ਖੇਤਾਂ ਵਿਚ ਡਿੱਗ ਪਈ। ਪ੍ਰਤੱਖ ਦਰਸ਼ੀਆਂ ਦੇ ਦੱਸਣ ਮੁਤਾਬਕ ਵੈਨ ’ਚ 16-17 ਵਿਦਿਆਰਥੀ ਬੈਠੇ ਹੋਏ ਸਨ ਜਿਨ੍ਹਾਂ ਨੂੰ ਤੁਰੰਤ ਕੱਢ ਕੇ ਸਿਵਿਲ ਹਸਪਤਾਲ ਸਰਦੂਲਗੜ ਵਿਖੇ ਭੇਜਿਆ ਗਿਆ।
ਹਸਪਤਾਲ ਵਿੱਚ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਉਨ੍ਹਾਂ ਕੋਲ 9 ਬੱਚੇ ਅਤੇ ਇੱਕ ਮਹਿਲਾ ਇਲਾਜ ਲਈ ਆਏ ਹਨ, ਜਿਨ੍ਹਾਂ ’ਚੋਂ 2 ਬੱਚੇ ਯੁਵਰਾਜ ਪੁੱਤਰ, ਰਾਕੇਸ਼ ਕੁਮਾਰ ਪਿੰਡ ਕਾਹਨੇਵਾਲਾ ਉਮਰ ਲਗਪਗ 16 ਸਾਲ ਅਤੇ ਜਸਮਨ ਪੁੱਤਰ ਸੁਖਦੀਪ ਉਮਰ ਲਗਪਗ ਅੱਠ ਸਾਲ ਵਾਸੀ ਰੋੜੀ ਦੇ ਜ਼ਿਆਦਾ ਸੱਟ ਹੋਣ ਕਾਰਨ ਉਨ੍ਹਾਂ ਨੂੰ ਮਾਪੇ ਸਿਰਸਾ ਦੇ ਨਿਜੀ ਹਸਪਤਾਲ ਵਿਚ ਇਲਾਜ ਲਈ ਲੈ ਗਏ ਹਨ। ਜਦਕਿ ਬਾਕੀ ਸਾਰੇ ਬੱਚਿਆਂ ਦੇ ਮਾਮੂਲੀ ਸੱਟਾਂ ਹੋਣ ਕਾਰਨ ਇਲਾਜ ਕਰਕੇ ਘਰ ਭੇਜ ਦਿੱਤੇ ਗਏ ਹਨ।
ਇਸ ਸਬੰਧੀ ਜਦੋਂ ਸਕੂਲ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਵੈਨ ਦਾ ਹਾਦਸਾ ਹੋਣ ਦਾ ਕਾਰਨ ਸੜਕ ਦਾ ਤੰਗ ਹੋਣਾ ਅਤੇ ਅੱਗਿਉਂ ਕਿਸੇ ਵਹੀਕਲ ਦਾ ਆ ਜਾਣਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਸਬੰਧੀ ਜਦੋਂ ਥਾਣਾ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਹਾਦਸੇ ਦਾ ਕਾਰਨ ਚਾਹੇ ਕੁਝ ਵੀ ਰਿਹਾ ਹੋਵੇ ਪਰ ਸਕੂਲ ਪ੍ਰਬੰਧਨ ਵੱਲੋਂ ਜਲਦਬਾਜ਼ੀ ਵਿੱਚ ਹਾਦਸਾ ਗ੍ਰਸਤ ਵੈਨ ਨੂੰ ਉਸ ਜਗ੍ਹਾ ਤੋਂ ਹਟਾ ਦੇਣਾ ਅਤੇ ਇਸ ਘਟਨਾ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਨਾ ਕਰਨਾ ਸਾਰੀ ਘਟਨਾ ਸ਼ਕ ਦੇ ਘੇਰੇ ਵਿੱਚ ਜਾਪਦੀ ਹੈ।