ਸ਼ਹਿਰ ਦੇ ਖਾਲਸਾ ਹਾਈ ਸਕੂਲ ਦੇ ਪ੍ਰਾਇਮਰੀ ਬਲਾਕ

-ਕਿਹਾ, ਕੂੜਾ ਨਾ ਚੁੱਕਿਆ ਤਾਂ ਬਦਬੂ ਫੈਲਣ ਨਾਲ ਬਿਮਾਰੀਆਂ ਫੈਲਣ ਦਾ ਹੈ ਖ਼ਦਸ਼ਾ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ਹਿਰ ਦੇ ਖਾਲਸਾ ਹਾਈ ਸਕੂਲ ਦੇ ਪ੍ਰਾਇਮਰੀ ਬਲਾਕ ਦੇ ਸਾਹਮਣੇ ਲੰਬੇ ਸਮੇਂ ਲਗਾਏ ਜਾਂਦੇ ਕੁੜੇ ਦੇ ਢੇਰਾਂ ਤੋਂ ਤੰਗ ਆ ਕੇ ਬੱਚਿਆਂ ਵੱਲੋਂ ਸ਼ਹਿਰ ਦੀਆਂ ਸਮਾਜ-ਸੇਵੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਸਕੂਲ ਦੇ ਗੇਟ ਸਾਹਮਣੇ ਧਰਨਾ ਲਗਾਇਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸਫ਼ਾਈ ਸੇਵਕ ਯੂਨੀਅਨ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਸਬੰਧੀ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਸ਼ਹਿਰ ’ਚ ਸੜਕਾਂ ’ਤੇ ਪਿਆ ਕੂੜਾ ਨਹੀਂ ਚੁੱਕਿਆ ਜਾ ਰਿਹਾ। ਇਸ ਕਾਰਨ ਇਹ ਕੂੜੇ ਦੇ ਡੰਪ ਵੱਧਦੇ ਜਾ ਰਹੇ ਹਨ ਅਤੇ ਕੂੜਾ ਸੜਕਾਂ ’ਤੇ ਖਿਲਰਨ ਲੱਗਿਆ ਹੈ। ਇਸ ਦੇ ਕਾਰਨ ਅੱਕੇ ਹੋਏ ਲੋਕਾਂ ਨੇ ਅੱਜ ਇਹ ਧਰਨਾ ਦਿੱਤਾ।
ਸਮਾਜ-ਸੇਵੀ ਸੰਦੀਪ ਕੁਮਾਰ ਨੇ ਕਿਹਾ ਕਿ ਸੜਕ ਉਪਰ ਲੰਬੇ ਸਮੇਂ ਤੋਂ ਕੁੜੇ ਦੇ ਡੰਪ ਲਗਾਏ ਜਾਂਦੇ ਹਨ ,ਜਿੱਥੇ ਕਈ ਵਾਰਡਾਂ ਦੇ ਵਸਨੀਕ ਕੂੜਾ ਸੁੱਟਦੇ ਹਨ ਤੇ ਇਹ ਕੂੜਾ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਚੱਕਿਆ ਜਾਂਦਾ ਹੈ ਪਰ ਕਈ ਵਾਰ ਇਹ ਕੂੜਾ ਕਈ ਦਿਨਾਂ ਤੱਕ ਨਹੀਂ ਚੱਕਿਆ ਜਾਂਦਾ। ਇਸ ਵਾਰ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੱਗੇ ਕੂੜੇ ਦੇ ਢੇਰਾਂ ਨਾਲ ਸੜਕ ਦਾ ਰਸਤਾ ਬੰਦ ਹੋ ਗਿਆ ਹੈ ਅਤੇ ਬੀਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਪਿਛਲੇ ਦੋ ਦਿਨਾਂ ਤੋਂ ਲਗਾਏ ਜਾ ਰਹੇ ਧਰਨੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਸਮਾਜ-ਸੇਵੀ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਮਾਨਸਾ ਵਿੱਚ ਥ੍ਰੀ ਡੀ ਸੁਸਾਇਟੀ ਕੰਮ ਕਰਦੀ ਹੈ। ਇਸ ਦਾ ਮਕਸਦ ਲੋਕਾਂ ਦੇ ਘਰਾਂ,, ਵਪਾਰਕ ਅਦਾਰਿਆਂ ਦੇ ਕੁੜੇ ਨੂੰ ਐਮਆਰਐਫ਼ ਸ਼ੈਡਾਂ ਤੱੱਕ ਲਿਜਾਣਾ ਹੁੰਦਾ ਹੈ ਅਤੇ ਸ਼ਹਿਰ ਨੂੰ ਕੁੜੇ ਦੇ ਡੰਪਾਂ ਤੋਂ ਮੁਕਤ ਕਰਨਾ ਹੁੰਦਾ ਹੈ ਪਰ ਇਸ ਸੁਸਾਇਟੀ ਦੇ ਕਰਮਚਾਰੀਆਂ ਵੱਲੋਂ ਕਈ ਕਈ ਦਿਨ ਨਾ ਆਉਣ ਦੀ ਸੂਰਤ ਵਿੱਚ ਲੋਕਾਂ ਨੂੰ ਮਜ਼ਬੂਰਨ ਕੂੜਾ ਸੁਟਣ ਲਈ ਅਜਿਹੇ ਸਥਾਨਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਥੋੜ੍ਹੀ ਜਿਹੀ ਰਾਸ਼ੀ ਦੇ ਕੇ ਘਰਾਂ ਦਾ ਕੂੜਾ ਥ੍ਰੀ ਡੀ ਸੁਸਾਇਟੀ ਦੇ ਕਰਮਚਾਰੀਆਂ ਨੂੰ ਹੀ ਚੁਕਵਾਇਆ ਜਾਵੇ ਨਾ ਕਿ ਕੂੜੇ ਦੇ ਢੇਰ ਲਗਾਏ ਜਾਣ। ਇਸ ਮੌਕੇ ਸਮਾਜਸੇਵੀ ਐਡਵੋਕੇਟ ਗੁਰਲਾਭ ਮਾਹਲ ਨੇ ਦੱਸਿਆ ਕਿ ਸਕੂਲਾਂ ਅੱਗੇ-ਲੱਗੇ ਕੂੜੇ ਦੇ ਢੇਰ ਬੱਚਿਆਂ ਨੂੰ ਖਤਰਨਾਕ ਬਿਮਾਰੀਆਂ ਤੋਂ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਮੰਨ ਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਸਮਾਜ-ਸੇਵੀ ਡਾ. ਧੰਨਾ ਮੱਲ ਗੋਇਲ ਨੇ ਦੱਸਿਆ ਕਿ ਇਸ ਸੜਕ ਤੋਂ ਜਾਣ ਵਾਲੇ ਰਾਹਗੀਰਾਂ ਲਈ ਕੂੜੇ ਦੇ ਢੇਰਾਂ ਕਾਰਨ ਵੱਡੀ ਸਮੱਸਿਆ ਪੈਦਾ ਹੁੰਦੀ ਹੈ ਕਿਉਂਕਿ ਇਨ੍ਹਾਂ ਕੂੜੇ ਦੇ ਢੇਰਾਂ ਤੇ ਆਵਾਰਾ ਪਸ਼ੂਆਂ ਦੀ ਭਰਮਾਰ ਹੁੰਦੀ ਹੈ, ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਅਜਿਹੇ ਸਥਾਨਾਂ ਤੇ ਕੂੜੇ ਦੇ ਢੇਰ ਲੱਗਣਾ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਨੂੰ ਝੂਠ ਸਾਬਤ ਕਰਦਾ ਹੈ ਤੇ ਇਨ੍ਹਾਂ ਕੁੜੇ ਦੇ ਢੇਰਾਂ ਕਾਰਨ ਫ਼ੈਲ ਰਹੀਆਂ ਬੀਮਾਰੀਆਂ ਸਿਹਤ ਕ੍ਰਾਂਤੀ ਮਿਸ਼ਨ ਦੀ ਫੂਕ ਨਿਕਲਦੀ ਜਾਪਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਸਮੇਂ ਸਮਾਜ-ਸੇਵੀਆਂ ਸੰਜੀਵ ਪਿੰਕਾ, ਕਾਮਰੇਡ ਕ੍ਰਿਸ਼ਨ ਚੌਹਾਨ, ਘਣਸ਼ਿਆਮ ਨਿੱਕੂ, ਭੂਸ਼ਨ ਮੱਤੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੜ੍ਹਤਾਲ ਤੇ ਬੈਠੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਮੰਨ ਕੇ ਸਰਕਾਰ ਸ਼ਹਿਰ ਦੀ ਸਫ਼ਾਈ ਨੂੰ ਯਕੀਨੀ ਬਣਾਵੇ। ਇਸ ਮੌਕੇ ਅਸ਼ਵਨੀ ਸ਼ਰਮਾ, ਮਨੀਸ਼ ਗੋਇਲ, ਵਿਜੇ ਕੁਮਾਰ, ਨਿੰਮਾ ਸਿੰਘ, ਸੁਰੇਸ਼ ਕੁਮਾਰ, ਰਿੱਕਾ ਮੱਤੀ, ਸੋਨੂੰ ਕੁਮਾਰ ਵੱਡੀ ਗਿਣਤੀ ਵਿੱਚ ਔਰਤਾਂ, ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਸਬੰਧਤ ਵਾਰਡਾਂ ਦੇ ਵਸਨੀਕਾਂ ਨੇ ਵਿਗੜ ਰਹੇ ਹਾਲਾਤਾਂ ਤੇ ਚਿੰਤਾ ਪ੍ਰਗਟਾਈ।