ਸਰਦੂਲਗੜ੍ਹ ਸ਼ਹਿਰ ‘ਚ

-ਪੁਲਿਸ ਵੱਲੋਂ ਨੌਜਵਾਨ ’ਤੇ ਨਸ਼ੇ ਦਾ ਕੇਸ ਦਰਜ ਕਰਨ ਦਾ ਮਾਮਲਾ, ਲੋਕਾਂ ਵੱਲੋਂ ਥਾਣੇ ਅੱਗੇ ਧਰਨਾ
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਸ਼ਹਿਰ ‘ਚ ਅੱਜ ਉਸ ਸਮੇਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਭਖ ਗਿਆ। ਜਦ ਉਕਤ ਨਸ਼ੇ ਦੇ ਮਾਮਲੇ ’ਚ ਫੜ੍ਹੇ ਨੌਜਵਾਨ ਪਰਿਵਾਰਕ ਮੈਂਬਰਾਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ ਅਤੇ ਜਦ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਨੌਜਵਾਨ ਦੀ ਮਾਤਾ ਅਤੇ ਪੁੱਤਰ ਜਾ ਕੇ ਟਾਵਰ ’ਤੇ ਚੜ੍ਹ ਗਏ। ਉਨ੍ਹਾਂ ਨੇ ਪੁਲਿਸ ਖ਼ਿਲਾਫ਼ ਰੋਸ ਜਤਾਉਣਾ ਸ਼ੁਰੂ ਕਰ ਦਿੱਤਾ।
ਨੌਜਵਾਨ ਦੀ ਮਾਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਸਰਦੂਲਗੜ੍ਹ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਛਾਪੇਮਾਰੀ ਕਰਕੇ ਉਸ ਦੇ ਪੁੱਤਰ ਗੁਰਪਿਆਰ ਸਿੰਘ ਨੂੰ ਇਹ ਕਹਿ ਕੇ ਥਾਣੇ ਲੈ ਗਏ ਕਿ ਇਸ ਕੋਲੋਂ ਨਸ਼ੇ ਸਬੰਧੀ ਪੁੱਛਗਿੱਛ ਕਰਨੀ ਹੈ। ਪੁੱਛਗਿੱਛ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਜਾਵੇਗਾ। ਪਰ ਛੇ, ਸੱਤ ਘੰਟੇ ਬੀਤ ਜਾਣ ਬਾਅਦ ਵੀ ਪੁਲਿਸ ਨੇ ਉਸ ਨੂੰ ਛੱਡਣ ਦੀ ਬਜਾਏ ਉਸ ‘ਤੇ ਨਸ਼ੇ ਸਬੰਧੀ ਪਰਚਾ ਦਰਜ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਇਸ ਦੇ ਰੋਸ ਵਜੋਂ ਉਨ੍ਹਾਂ ਨੇ ਵਾਰਡ ਦੇ ਕੌਂਸਲਰ ਅਤੇ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਥਾਣੇ ਅੱਗੇ ਧਰਨਾ ਲਗਾ ਦਿੱਤਾ। ਪਰ ਜਦੋਂ ਫ਼ਿਰ ਵੀ ਸਾਡੀ ਗੱਲ ਨਹੀਂ ਸੁਣੀ ਤਾਂ ਫ਼ਿਰ ਟਾਵਰ ’ਤੇ ਚੜ੍ਹਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਉਹ ਅਤੇ ਉਸ ਦਾ ਪੋਤਾ ਟਾਵਰ ’ਤੇ ਉਦੋਂ ਤੱਕ ਰਹਿਣਗੇ ਜਦ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ।
ਇਸ ਮੌਕੇ ਧਰਨੇ ਵਿੱਚ ਬੈਠੇ ਵਾਰਡ ਦੇ ਕੌਂਸਲਰ ਵਰਿੰਦਰ ਸਿੰਘ ਨੇ ਵੀ ਕਿਹਾ ਕਿ ਪੁਲਿਸ ਵੱਲੋਂ ਬੇਕਸੂਰ ਨੌਜਵਾਨ ਤੇ ਨਸ਼ੇ ਦਾ ਪਰਚਾ ਦਿਤਾ ਗਿਆ ਹੈ ਜੋ ਕਿ ਸ਼ਰੇਆਮ ਪੁਲਿਸ ਦੀ ਧੱਕੇਸ਼ਾਹੀ ਹੈ ਅਤੇ ਉਹ ਇਸ ਧੱਕੇਸ਼ਾਹੀ ਵਿਰੁੱਧ ਪਰਿਵਾਰ ਨਾਲ ਖੜ੍ਹੇ ਹਨ। ਇਸ ਮੌਕੇ ਧਰਨੇ ਤੋਂ ਉਠ ਕੇ ਨੌਜਵਾਨ ਦੀ ਮਾਤਾ ਅਤੇ ਪੁੱਤਰ ਵਾਰਡ ਵਿੱਚ ਲੱਗੇ ਟਾਵਰ ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਿਸ ਗੁਰਪਿਆਰ ਸਿੰਘ ਤੇ ਦਰਜ ਕੀਤਾ ਝੂਠਾ ਮੁਕਦਮਾ ਵਾਪਸ ਨਹੀਂ ਲੈਂਦੀ। ਉਹ ਟਾਵਰ ਤੋਂ ਨਹੀਂ ਉਤਰਣਗੇ। ਇਸ ਸਬੰਧੀ ਜਦੋਂ ਥਾਣਾ ਪੁਸ਼ਪਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਨਸ਼ੇ ਨਾਲ ਜੁੜੇ ਕੁਝ ਵਿਅਕਤੀਆਂ ਦੇ ਘਰੇ ਰੇਡ ਕੀਤੀ ਗਈ ਸੀ। ਇਸ ਦੌਰਾਨ ਗੁਰਪਿਆਰ ਸਿੰਘ ਜਿਸ ਤੇ ਪਹਿਲਾਂ ਵੀ ਕਈ ਐਨਡੀਪੀ ਸੀ ਦੇ ਪਰਚੇ ਦਰਜ ਹਨ ਕੋਲੋਂ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋਈ। ਇਸ ਨੂੰ ਲੈ ਕੇ ਉਸ ਖ਼ਿਲਾਫ਼ ਐਨਡੀਪੀਸੀ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪਰ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਨੂੰ ਛਡਾਉਣ ਲਈ ਥਾਣੇ ਦੇ ਅੱਗੇ ਧਰਨਾ ਲਾਇਆ ਗਿਆ ਹੈ ਜੋ ਕਿ ਸਰਾਸਰ ਗਲਤ ਹੈ। ਪੁਲਿਸ ਦੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਹੈ ਪਰ ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਉਕਤ ਨੌਜਵਾਨ ਦੀ ਮਾਤਾ ਅਤੇ ਉਸ ਦਾ ਪੁੱਤਰ ਟਾਵਰ ’ਤੇ ਚੜ੍ਹੇ ਹੋਏ ਸਨ।