ਹਲਕਾ ਸਰਦੂਲਗੜ੍ਹ ਦੇ

-ਬਜ਼ੁਰਗ ਔਰਤ ਦੇ ਕਤਲ ਦਾ ਮਾਮਲਾ, ਪਰਿਵਾਰਕ ਮੈਂਬਰਾਂ ਤੇ ਲੋਕਾਂ ’ਚ ਰੋਸ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਹਲਕਾ ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ‘ਚ 90 ਸਾਲਾ ਬਜ਼ੁਰਗ ਔਰਤ ਦਾ ਕਤਲ ਕਰਕੇ ਪੇਟੀ ’ਚ ਲੁਕੋਈ ਮਿਲੀ ਪੁਲਿਸ ਨੂੰ ਲਾਸ਼ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅੱਜ ਥਾਣਾ ਜੌੜਕੀਆਂ ਅੱਗੇ ਲੋਕ ਇਕੱਠੇ ਹੋਏ ਅਤੇ ਇਨਸਾਫ਼ ਦੀ ਗੁਹਾਰ ਵੀ ਲਗਾਈ ਗਈ। ਹਾਲਾਂਕਿ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸੋਮਵਾਰ ਨੂੰ ਅਦਾਲਤ ਪੇਸ਼ ਕੀਤਾ ਜਾਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਚਾਰ ਕੁ ਦਿਨ ਪਹਿਲਾਂ 90 ਸਾਲਾ ਬਜ਼ੁਰਗ ਔਰਤ ਲਾਪਤਾ ਹੋ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸੁਖਦੇਵ ਕੌਰ ਪਤਨੀ ਭਜਨ ਸਿੰਘ ਵਾਸੀ ਜੌੜਕੀਆਂ ਸਵੇਰੇ ਆਪਣੇ ਘਰੋਂ ਗੁਰਦੁਆਰਾ ਸਾਹਿਬ ਜੌੜਕੀਆਂ ਵਿਖੇ ਮੱਥਾ ਟੇਕਣ ਗਈ, ਪਰ ਵਾਪਸ ਨਹੀਂ ਆਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜਦ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਬਜ਼ੁਰਗ ਮਾਤਾ ਇੱਕ ਰਸਤੇ ਰਾਹੀਂ ਘਰ ਵੱਲ ਜਾਂਦੀ ਦਿਖਾਈ ਦਿੱਤੀ। ਪਰ ਉਹ ਘਰ ਨਾ ਪਹੁੰਚੀ। ਸ਼ੱਕ ਦੇ ਅਧਾਰ ਪੁਲਿਸ ਵੱਲੋਂ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਇੱਕ ਘਰ ਦੀ ਪੇਟੀ ’ਚੋਂ ਸੁਖਦੇਵ ਕੌਰ ਦੀ ਲਾਸ਼ ਮਿਲੀ। ਇਹ ਬੁਰ੍ਹੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਮੁੱਢਲੀ ਤਫ਼ਤੀਸ਼ ਅਨੁਸਾਰ ਸੁਖਦੇਵ ਕੌਰ ਦਾ ਕਤਲ ਕੁਝ ਨੌਜਵਾਨਾਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਕੰਨਾਂ ਅਤੇ ਹੱਥਾਂ ਵਿੱਚ ਕੁਝ ਸੋਨਾ ਪਾਇਆ ਹੋਇਆ ਸੀ। ਜਦ ਲਾਸ਼ ਬਰਾਮਦ ਕੀਤੀ ਗਈ ਤਾਂ ਉਹ ਸਾਰੇ ਗਹਿਣੇ ਗਾਇਬ ਸਨ। ਲਾਸ਼ ਮਿਲਣ ਦੇ ਬਾਅਦ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਧਰ ਇਸ ਮਾਮਲੇ ਨੂੰ ਲੈ ਕੇ ਅੱਜ ਥਾਣਾ ਜੌੜਕੀਆਂ ਅੱਗੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਵੱਲੋਂ ਇਕੱਠ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ’ਚ ਡੂੰਘਾਈ ਨਾਲ ਤਫ਼ਤੀਸ਼ ਕਰੇ। ਇਸ ਮੌਕੇ ਸਰਪੰਚ ਜਗਸੀਰ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ, ਜਗਸੀਰ ਸਿੰਘ ਜੈਲਦਾਰ, ਉਗਰ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਅੱਜ ਥਾਣੇ ਅੱਗੇ ਇਕੱਠ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਬੇਹੱਦ ਸ਼ਰਮਨਾਕ ਕਾਰਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨਸ਼ਿਆਂ ’ਤੇ ਲਗਾਮ ਕਸੇ। ਇਸ ਤਰ੍ਹਾਂ ਬਜ਼ੁਰਗ ਦਾ ਕਤਲ ਕਰ ਦੇਣ ਦੇ ਕਾਰਨ ਪੁਲਿਸ ਪ੍ਰਸ਼ਾਸਨ ’ਤੇ ਉਂਗਲੀ ਉੱਠਣੀ ਸੁਭਾਵਿਕ ਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾੜੇ ਨੋਜਵਾਨਾਂ ਵੱਲੋਂ ਅਜਿਹੇ ਕਾਰੇ ਕੀਤੇ ਜਾ ਰਹੇ ਹਨ ਅਤੇ ਸ਼ਰੀਫ਼ ਪਰਿਵਾਰ ਇਸ ਦਾ ਸ਼ਿਕਾਰ ਹੋ ਰਹੇ ਹਨ। ਇੰਨ੍ਹਾਂ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਇਕੱਠ ਕਰਕੇ ਅੱਜ ਪੁਲਿਸ ਨਾਲ ਵੀ ਗੱਲ ਕੀਤੀ ਗਈ ਤੇ ਉਨ੍ਹਾਂ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇੱਕ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ ਤਾਂ ਜੋ ਭਵਿੱਖ ’ਚ ਅਜਿਹੀ ਵਾਰਦਾਤ ਨਾ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਕੋਲੋਂ ਇਸ ਮਾਮਲੇ ‘ਚ ਇਨਸਾਫ਼ ਦੀ ਗੁਹਾਰ ਲਗਾਈ ਹੈ। ਥਾਣਾ ਜੌੜਕੀਆ ਦੇ ਐੱਸਐੱਚਓ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।